ਵਸ਼ਿੰਗਟਨ: ਪਾਕਿਸਤਾਨ ਦੇ ਪਰਮਾਣੂ ਹਥਿਆਰ ਜਿਹਾਦੀਆਂ ਦੇ ਹੱਥਾਂ 'ਚ ਜਾਣ ਦਾ ਖਦਸ਼ਾ ਹੈ। ਇਹ ਸ਼ੰਕਾ ਡੇਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਜਤਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬੇਹੱਦ ਖਤਰਨਾਕ ਹੋਵੇਗਾ।
'ਦ ਨਿਊਯਾਰਕ ਟਾਈਮਜ਼' ਨੇ ਡੇਮੋਕ੍ਰੇਟਿਕ ਪਾਰਟੀ ਦੇ ਕੰਪਿਉਟਰਾਂ ਤੋਂ ਹੈਕ ਹੋਏ 50 ਮਿੰਟ ਦੇ ਇੱਕ ਆਡੀਓ ਕਲਿੱਪ ਦਾ ਹਵਾਲਾ ਦਿੰਦਿਆਂ ਦੱਸਿਆ ਹੈ ਕਿ ਫਰਵਰੀ 'ਚ ਵਰਜੀਨੀਆ 'ਚ ਬੰਦ ਦਰਵਾਜੇ 'ਚ ਇੱਕ ਪ੍ਰੋਗਰਾਮ 'ਚ ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਸੀ, "ਪਾਕਿਸਤਾਨ ਭਾਰਤ ਨਾਲ ਜਾਰੀ ਆਪਣੀ ਰੰਜਿਸ਼ ਦੇ ਚੱਲਦਿਆਂ ਟੈਕਨੀਕਲ ਪਰਮਾਣੂ ਹਥਿਆਰ ਵਿਕਸਿਤ ਕਰਨ ਲਈ ਪੂਰੀ ਤੇਜੀ ਨਾਲ ਕੰਮ ਕਰ ਰਿਹਾ ਹੈ।"
'ਦ ਵਸ਼ਿੰਗਟਨ ਫ੍ਰੀ ਬੀਕਾਨ' ਵੈੱਬਸਾਈਟ 'ਤੇ ਜਾਰੀ ਆਡੀਓ 'ਚ ਹਿਲੇਰੀ ਕਲਿੰਟਨ ਦੇ ਹਵਾਲੇ ਨਾਲ ਖਬਰ 'ਚ ਕਿਹਾ ਗਿਆ ਹੈ, "ਪਰ ਸਾਨੂੰ ਖਦਸ਼ਾ ਹੈ ਕਿ ਉੱਥੇ ਇੱਕ ਤਖਤਾਪਲਟ ਹੋ ਸਕਦਾ ਹੈ ਤੇ ਜਿਹਾਦੀ ਸਰਕਾਰ 'ਤੇ ਕਬਜਾ ਕਰ ਸਕਦੇ ਹਨ, ਉਹ ਪਰਮਾਣੂ ਹਥਿਆਰਾਂ 'ਤੇ ਕਬਜਾ ਕਰ ਸਕਦੇ ਹਨ ਤੇ ਤੁਹਾਨੂੰ ਆਤਮਘਾਤੀ ਪਰਮਾਣੂ ਹਮਲਾਵਰਾਂ ਨਾਲ ਨਜਿੱਠਣਾ ਪਏਗਾ।"
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਇੱਕ ਸਥਾਨਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਦੀਆਂ ਅਜਿਹੀਆਂ ਟਿੱਪਣੀਆਂ ਦਾ ਆਪਣਾ ਮਹੱਤਵ ਹੈ। ਇੰਟਰਵਿਊ 'ਚ ਆਸਿਫ ਨੇ ਭਾਰਤ ਦੇ ਖਿਲਾਫ ਪਰਮਾਣੂ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਆਸਿਫ ਨੇ ਕਿਹਾ ਸੀ, "ਜੇਕਰ ਸਾਡੀ ਸੁਰੱਖਿਆ ਨੂੰ ਖਤਰਾ ਪਹੁੰਚਦਾ ਹੈ ਤਾਂ ਅਸੀਂ ਉਨ੍ਹਾਂ (ਭਾਰਤ) ਦਾ ਸਫਾਇਆ ਕਰ ਦਿਆਂਗੇ। ਅਮਰੀਕਾ ਨੇ ਪਰਮਾਣੂ ਹਥਿਆਰ ਵਰਤਣ ਦੇ ਆਸਿਫ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ।"