ਲੰਦਨ:  ਲੰਦਨ ਦੀ ਰਹਿਣ ਵਾਲੀ 14 ਸਾਲਾ ਕੁੜੀ ਦੀ ਅਕਤੂਬਰ 'ਚ ਕੈਂਸਰ ਨਾਲ ਮੌਤ ਹੋ ਚੁੱਕੀ ਹੈ, ਪਰ ਉਸਨੇ ਮੌਤ ਤੋਂ ਬਾਅਦ ਮੁੜ ਜਿਉਂਦੇ ਹੋਣ ਵਾਲੀ ਆਪਣੀ ਇੱਛਾ ਕਾਨੂੰਨੀ ਲੜਾਈ ਰਾਹੀਂ ਜਿੱਤ ਲਈ ਹੈ। ਉਸ ਕੁੜੀ ਦੀ ਇੱਛਾ ਸੀ ਕਿ ਮੌਤ ਤੋਂ ਬਾਅਦ ਉਸਦੇ ਮ੍ਰਿਤ ਸਰੀਰ ਨੂੰ ਫਰੀਜ਼ ਕਰ ਦਿੱਤਾ ਜਾਵੇ, ਇਸ ਸਬੰਧੀ ਉਸਨੇ ਅਦਾਲਤ 'ਚ ਅਪੀਲ ਪਾਈ ਸੀ ਤੇ ਅਦਾਲਤ ਨੇ ਫੈਸਲਾ ਉਸਦੇ ਮਾਤਾ-ਪਿਤਾ 'ਤੇ ਸੁੱਟ ਦਿੱਤਾ ਸੀ ਕਿ ਉਹ ਆਪਣੀ ਧੀ ਦੇ ਇਸ ਫੈਸਲੇ ਨੂੰ ਸਹਿਮਤੀ ਦੇਣ ਲਈ ਰਾਜ਼ੀ ਹੋਣਗੇ ਜਾਂ ਨਹੀਂ। ਕੁੜੀ ਦੀ ਮਾਂ ਤਾਂ ਉਸਦੀ ਅੰਤਿਮ ਇੱਛਾ ਨਾਲ ਸਹਿਮਤ ਸੀ ਪਰ ਪਿਤਾ ਨਹੀਂ।

ਦਰਅਸਲ ਉਸ ਕੁੜੀ ਨੇ ਆਪਣੇ ਜੀਵਨ ਦੇ ਆਖਰੀ ਦਿਨਾਂ 'ਚ ਇੰਟਰਨੈਟ ਤੇ 'ਕ੍ਰਾਇਓਨਿਕ ਵਿਧੀ' (Cryogenic freezing) ਬਾਰੇ ਪੜਿਆ ਸੀ ਜਿਸ ਤਹਿਤ ਮੁਰਦਾ ਸਰੀਰ ਨੂੰ 0 ਤੋਂ 130 ਡਿਗਰੀ ਥੱਲੇ ਤਾਪਮਾਨ 'ਤੇ ਰੱਖਿਆ ਜਾਂਦਾ ਹੈ ਪਰ ਮੱਥੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਪੂਰੇ ਸਰੀਰ ਨੂੰ ਫਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਭਵਿੱਖ 'ਚ ਬਿਮਾਰੀ ਸਰੀਰ 'ਚੋਂ ਖਤਮ ਹੋਣ ਤੇ ਮੁਰਦਾ ਸਰੀਰ ਦੇ ਮੁੜ ਜਿੰਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਸਤੋਂ ਬਾਅਦ ਉਸਨੇ ਜੱਜ ਨੂੰ ਲਿਖਿਆ ਕਿ 'ਉਹ ਲੰਬੇ ਸਮੇਂ ਤੱਕ ਜਿਉਣਾ ਚਾਹੁੰਦੀ ਹੈ, ਜ਼ਮੀਨ 'ਚ ਦਫਨ ਨਹੀਂ ਹੋਣਾ ਚਾਹੁੰਦੀ, ਇਸ ਲਈ ਮੈਨੂੰ 'ਕ੍ਰਾਇਓਪ੍ਰੀਜ਼ਰਵੇਸ਼ਨ' ਦਾ ਮੌਕਾ ਦਿੱਤਾ ਜਾਵੇ, ਹੋ ਸਕਦਾ ਹੈ ਉਸ ਨੂੰ ਮੁੜ ਜ਼ਿੰਦਗੀ ਮਿਲ ਜਾਵੇ, ਭਾਵੇਂ ਇਸ ਪ੍ਰਕਿਰਿਆ ਨੂੰ ਸੈਂਕੜੇ ਸਾਲ ਲੱਗ ਜਾਣ।''

ਉਸਤੋਂ ਬਾਅਦ ਜੱਜ ਜਸਟਿਸ ਪੀਟਰ ਜੈਕਸਨ ਕੁੜੀ ਦੇ ਹਸਪਤਾਲ ਉਸ ਨੂੰ ਦੇਖਣ ਗਏ ਸਨ ਤੇ ਉਨਾਂ ਕਿਹਾ ਸੀ ਕਿ ਕੁੜੀ ਬਹਾਦਰੀ ਨਾਲ ਆਪਣੀ ਬਿਮਾਰੀ ਨਾਲ ਲੜ ਰਹੀ ਹੈ, ਇਹ ਵਿਧੀ ਸਹੀ ਹੈ ਜਾਂ ਨਹੀਂ, ਪਤਾ ਨਹੀਂ ਪਰ ਆਖਰੀ ਫੈਸਲਾ ਉਸਦੇ ਮਾਤਾ-ਪਿਤਾ ਹੀ ਕਰਨਗੇ। ਕੁੜੀ ਦੇ ਪਿਤਾ ਆਪਣੀ ਧੀ ਦੀ ਮਰਜ਼ੀ ਨਾਲ ਸਹਿਮਤ ਨਹੀਂ ਸੀ ਕਿਉਂਕਿ ਇਹ ਵਿਧੀ ਇੱਕ ਵਿਵਾਦਿਤ ਵਿਧੀ ਹੈ, ਜਿਸ ਬਾਰੇ ਹਾਲੇ ਤੱਕ ਲੋਕਾਂ ਨੂੰ ਪਤਾ ਨਹੀਂ ਹੈ ਤੇ ਇਹ ਸਿਰਫ ਅਮਰੀਕਾ ਤੇ ਰੂਸ ਵਿੱਚ ਹੀ ਉਪਲਬਧ ਹੈ ਜਿੱਥੇ ਮੁਰਦਾ ਸਰੀਰ ਨੂੰ ਬਹੁਤ ਹੀ ਘੱਟ ਤਾਪਮਾਨ ਵਿੱਚ ਲਿਕੁਇਡ ਨਾਈਟ੍ਰੋਜਨ 'ਚ ਰੱਖਿਆ ਜਾਂਦਾ ਹੈ। ਕੁੜੀ ਦੇ ਪਿਤਾ ਦਾ ਤਰਕ ਸੀ ਕਿ ਕੀ ਭਰੋਸਾ ਹੈ ਇਹ ਕਾਰਗਰ ਸਿੱਧ ਹੋਵੇਗੀ ਜਾਂ ਨਹੀਂ, ਜੇ ਹੋਈ ਤਾਂ ਪਤਾ ਨਹੀਂ ਕਿੰਨੇ ਸਾਲ ਲੱਗ ਜਾਣ, ਤੇ ਅਜਿਹੇ ਵਿੱਚ 14 ਸਾਲ ਦੀ ਕੁੜੀ ਦਾ ਉਦੋਂ ਕੋਈ ਵਾਕਫ ਵੀ ਹੋਵੇਗਾ ਜਾਂ ਨਹੀਂ, ਕੀ ਹਾਲਾਤ ਹੋਣਗੇ ਆਦਿ। ਪਰ ਕੁੜੀ ਦੀ ਮਾਂ ਦੀ ਸਹਿਮਤੀ ਨਾਲ ਹੁਣ ਉਸਦੇ ਮ੍ਰਿਤ ਸਰੀਰ ਨੂੰ ਫਰੀਜ਼ ਕਰਨ ਲਈ ਅਮਰੀਕਾ ਲੈ ਜਾਇਆ ਗਿਆ ਹੈ ਜਿਸ ਤੇ 30 ਲੱਖ ਰੁਪਏ ਦਾ ਖਰਚਾ ਆਇਆ ਹੈ। ਜੱਜ ਦੇ ਦੱਸਣ ਮੁਤਾਬਕ ਇੰਗਲੈਂਡ ਤੇ ਵੇਲਜ਼ ਕੋਰਟ 'ਚ ਇਹ ਪਹਿਲਾ ਮਾਮਲਾ ਹੈ ਤੇ ਹੋ ਸਕਦਾ ਹੈ ਇਹ ਪੂਰੀ ਦੁਨੀਆ ਦਾ ਹੀ ਪਹਿਲਾ ਮਾਮਲਾ ਹੋਵੇ।