ਬਗਦਾਦ: ਸੈਂਟਰਲ ਬਗਦਾਦ ਦੇ ਇੱਕ ਸ਼ਾਪਿੰਗ ਮਾਲ ਦੇ ਬਾਹਰ 2 ਧਮਾਕੇ ਹੋਏ ਹਨ। ਇੱਥੇ 2 ਕਾਰ ਬੰਬ ਧਮਾਕੇ ਕੀਤੇ ਜਾਣ ਦੀ ਖਬਰ ਹੈ। ਇਹਨਾਂ ਧਮਾਕਿਆਂ 'ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 28 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ ਇੱਕ ਧਮਾਕਾ ਪਾਰਕਿੰਗ ‘ਚ ਖੜੀ ਕਾਰ ‘ਚ ਹੋਇਆ ਅਤੇ ਦੂਜਾ ਧਮਾਕਾ ਇੱਕ ਆਤਮਘਾਤੀ ਹਮਲਾਵਰ ਨੇ ਕੀਤਾ।
ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਣਕਾਰੀ 'ਚ ਮਰਨ ਵਾਲਿਆਂ ਦੀ ਗਿਣਤੀ ਘੱਟੋ ਘੱਟ 10 ਹੈ ਤੇ 28 ਲੋਕ ਜਖਮੀ ਹਨ। ਬਗਦਾਦ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਹਨਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਵੀ ਇਹਨਾਂ ਹਮਲਿਆਂ ਨਾਲ ਜੁੜੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਇਹ ਹਮਲਾ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਦੇ ਕਰੀਬ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਲ ਪਿਛਲੇ ਸਾਲ ਹੀ ਖੁੱਲਿਆ ਸੀ। ਮੱਧ ਬਗਦਾਦ ਦੇ ਫਲਸਤੀਨ ਮਾਰਗ 'ਤੇ ਬਣੇ ਇਸ ਮਾਲ ਦੀਆਂ ਦੁਕਾਨਾਂ ਅਗਲੇ ਹਫਤੇ ਆਉਣ ਵਾਲੇ ਈਦ-ਉਲ-ਜਹਾ ਤੋਂ ਪਹਿਲਾਂ ਵੀਕੇਂਡ 'ਤੇ ਦੇਰ ਰੱਤ ਤੱਕ ਖੁੱਲੀਆਂ ਸਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੁਤਾਬਕ ਮਾਲ ਦੇ ਅੰਦਰ ਕਿਸੇ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।