ਰਿਆਦ: ਸ਼ਾਹੀ ਪਰਿਵਾਰ ਦੇ ਰਾਜਕੁਮਾਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਖਬਰ ਸਾਊਦੀ ਅਰਬ ਤੋਂ ਹੈ। ਜਿੱਥੇ ਮੰਗਲਵਾਰ ਨੂੰ ਸ਼ਾਹੀ ਪਰਿਵਾਰ ਦੇ ਇੱਕ ਰਾਜਕੁਮਾਰ ਤੁਰਕੀ ਬਿਨ ਸਊਦ ਅਲ-ਕਬੀਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਕਬੀਰ ਨੂੰ ਇੱਕ ਸ਼ਖਸ ਦੇ ਕਤਲ ਕੇਸ ਸਥਾਨਕ ਅਦਾਲਤ ਨੇ ਕਰੀਬ ਦੋ ਸਾਲ ਪਹਿਲਾਂ ਦੋਸ਼ੀ ਕਰਾਰ ਦਿੱਤਾ ਸੀ। ਕਰੀਬ 40 ਸਾਲ ਬਾਅਦ ਇਹ ਪਹਿਲਾ ਮਾਮਲਾ ਹੈ ਜਦ ਹਾਊਸ ਆਫ ਸਊਦ ਦੇ ਕਿਸੇ ਮੈਂਬਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 1977 'ਚ ਰਾਜਕੁਮਾਰੀ ਮਿਸ਼ਾਇਲ-ਬਿਨ-ਫਹਦ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਇੰਟੀਰੀਅਰ ਮਨਿਸਟਰੀ ਮੁਤਾਬਕ, ਕਬੀਰ ਨੂੰ ਇਹ ਸਜ਼ਾ ਮੰਗਲਵਾਰ ਨੂੰ ਦਿੱਤੀ ਗਈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਪ੍ਰਿੰਸ ਨੂੰ ਕਿਸ ਤਰੀਕੇ ਮੌਤ ਦੇ ਘਾਟ ਉਤਾਰਿਆ ਗਿਆ। ਸਰਕਾਰ ਨੇ ਦੱਸਿਆ ਕਿ ਇਸ ਨਾਲ ਸਊਦੀ ਅਰਬ ਦੇ ਹਰ ਨਾਗਰਿਕ ਨੂੰ ਭਰੋਸਾ ਮਿਲੇਗਾ ਕਿ ਸਰਕਾਰ ਇਨਸਾਫ ਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਕਬੀਰ 'ਤੇ ਆਦੇਲ-ਅਲ-ਮੁਹੰਮਦ ਨਾਮੀ ਸ਼ਖਸ ਨੂੰ ਗੋਲੀ ਮਾਰਨ ਦਾ ਇਲਜ਼ਾਮ ਸੀ। ਕਬੀਰ 2016 'ਚ ਇਹ ਸਜ਼ਾ ਪਾਉਣ ਵਾਲਾ 134ਵਾਂ ਸ਼ਖਸ ਹੈ।
'ਅਰਬ ਨਿਊਜ਼' ਨੇ ਨਵੰਬਰ 2014 'ਚ ਖਬਰ ਦਿੱਤੀ ਸੀ ਕਿ ਰਿਆਦ ਦੀ ਇੱਕ ਅਦਾਲਤ ਨੇ ਹਾਊਸ ਆਫ ਸਊਦ ਦੇ ਇੱਕ ਅਨਾਮ ਪ੍ਰਿੰਸ ਨੂੰ ਆਪਣੇ ਦੋਸਤ ਦੇ ਕਤਲ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਹਾਊਸ ਆਫ ਸਊਦ 'ਚ ਕਈ ਮੈਂਬਰ ਹਨ। ਇੱਥੇ ਪੀੜਤ ਪਰਿਵਾਰ ਨੇ ਬਲੱਡ ਮਨੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ ਸਊਦੀ ਕਾਨੂੰਨ ਮੁਤਾਬਕ ਜੇਕਰ ਪੀੜਤ ਪੱਖ ਰਾਜੀ ਹੋਵੇ ਤਾਂ ਬਲੱਡ ਮਨੀ ਅਦਾ ਕਰਨ ਬਦਲੇ ਦੋਸ਼ੀ ਦੀ ਸਜ਼ਾ ਮਾਫ ਕੀਤੀ ਜਾ ਸਕਦੀ ਹੈ।