Syria: ਸੀਰੀਆ ਵਿੱਚ ਬਸ਼ਰ ਅਲ ਅੱਸਦ ਸਰਕਾਰ ਦੇ ਸੱਤਾ ਤੋਂ ਹਟਣ ਤੋਂ ਬਾਅਦ ਕਈ ਸਾਲਾਂ ਤੋਂ ਚੱਲੀ ਆ ਰਹੀ ਹਿੰਸਾ ਰੁਕੀ ਹੋਈ ਸੀ, ਪਰ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਹੁਣ ਫਿਰ ਤੋਂ ਇਹ ਦੇਸ਼ ਹਿੰਸਾ ਦੀ ਲਪੇਟ ਵਿੱਚ ਆ ਗਿਆ ਹੈ। ਦਰਅਸਲ, ਪਿਛਲੇ ਦੋ ਦਿਨਾਂ ਤੋਂ ਸੀਰੀਆ ਦੇ ਸੁਰੱਖਿਆ ਬਲਾਂ ਅਤੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ ਅੱਸਦ ਦੇ ਸਮਰਥਕਾਂ ਵਿਚਾਲੇ ਜਾਰੀ ਝੜਪ ਵਿੱਚ 1,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸੀਰੀਆ ਦੇ ਹਾਲਾਤ 'ਤੇ ਨਜ਼ਰ ਰੱਖਣ ਵਾਲੇ ਇੱਕ ਸੰਗਠਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ 745 ਆਮ ਨਾਗਰਿਕ ਹਨ, ਜਿਨ੍ਹਾਂ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਗਈ।
ਐਸੋਸੀਏਟਿਡ ਪ੍ਰੈੱਸ ਨੇ ਰਿਪੋਰਟ ਕੀਤਾ ਹੈ ਕਿ ਸੀਰੀਆ ਵਿੱਚ ਹੋਈ ਸਭ ਤੋਂ ਘਾਤਕ ਹਿੰਸਕ ਘਟਨਾਵਾਂ ਵਿੱਚੋਂ ਇੱਕ ਵਿੱਚ, ਹਟਾਏ ਗਏ ਰਾਸ਼ਟਰਪਤੀ ਬਸ਼ਰ ਅਲ ਅੱਸਦ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਦੌਰਾਨ 1,000 ਤੋਂ ਵੱਧ ਲੋਕ ਮਾਰੇ ਗਏ ਹਨ।
ਔਰਤਾਂ ਨਾਲ ਕੀਤਾ ਗਿਆ ਬੁਰਾ ਸਲੂਕ ਤੇ ਫਿਰ ਮਾਰੀ ਗੋਲੀ
ਹਿੰਸਾ ਅਸਤਾਈ ਤੌਰ ‘ਤੇ ਰੁਕ ਗਈ ਹੈ, ਅਤੇ ਸਰਕਾਰ ਨੇ ਜ਼ਿਆਦਾਤਰ ਖੇਤਰਾਂ ‘ਤੇ ਦੁਬਾਰਾ ਕੰਟਰੋਲ ਹਾਸਲ ਕਰ ਲਿਆ ਹੈ। ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਣ ਲਈ ਸਮੁੰਦਰੀ ਇਲਾਕੇ, ਜਿੱਥੇ ਹਿੰਸਾ ਸਭ ਤੋਂ ਵੱਧ ਹੋਈ, ਵਲ ਜਾਨ ਵਾਲੀਆਂ ਸਭ ਸੜਕਾਂ ਬੰਦ ਕਰ ਦਿੱਤੀਆਂ ਹਨ।
ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ 745 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਗਈ। ਇਨ੍ਹਾਂ ਝੜਪਾਂ ਵਿੱਚ ਸਰਕਾਰੀ ਸੁਰੱਖਿਆ ਬਲਾਂ ਦੇ 125 ਜਵਾਨ ਅਤੇ ਅੱਸਦ ਨਾਲ ਸੰਬੰਧਤ ਹਥਿਆਰਬੰਦ ਗੁੱਟਾਂ ਦੇ 148 ਲੜਾਕੂ ਵੀ ਹਲਾਕ ਹੋ ਗਏ।
ਗਵਾਹਾਂ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਹਿੰਸਾ ਦੇ ਖੌਫਨਾਕ ਦ੍ਰਿਸ਼ਾਂ ਦਰਮਿਆਨ, ਮਹਿਲਾਵਾਂ ਨੂੰ ਬਿਨਾਂ ਕੱਪੜਿਆਂ ਤੋਂ ਗਲੀਆਂ ਵਿੱਚ ਨਗਨ ਘੁੰਮਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਗਈ।
ਹਿੰਸਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਇੱਕ ਬਨਿਆਸ ਦੇ ਨਿਵਾਸੀਆਂ ਨੇ ਦੱਸਿਆ ਕਿ ਲਾਸ਼ਾਂ ਸੜਕਾਂ 'ਤੇ ਵਿਖਰੀਆਂ ਪਈਆਂ ਸਨ ਜਾਂ ਘਰਾਂ ਅਤੇ ਇਮਾਰਤਾਂ ਦੀਆਂ ਛੱਤਾਂ 'ਤੇ ਲਾਸ਼ਾਂ ਬਿਖਰੀਆਂ ਪਈਆਂ ਸਨ। ਲਾਸ਼ਾਂ ਬਿਨਾਂ ਦਫਨ ਕੀਤੀਆਂ ਪਈਆਂ ਰਹੀਆਂ, ਅਤੇ ਕੋਈ ਵੀ ਉਨ੍ਹਾਂ ਨੂੰ ਇਕੱਠਾ ਨਹੀਂ ਕਰ ਸਕਿਆ। ਇੱਕ ਨਿਵਾਸੀ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਸ਼ੁੱਕਰਵਾਰ ਨੂੰ ਨਜ਼ਦੀਕੋਂ ਮਾਰੇ ਗਏ ਆਪਣੇ ਪੰਜ ਗੁਆਂਢੀਆਂ ਦੀਆਂ ਲਾਸ਼ਾਂ ਹਟਾਉਣ ਤੋਂ ਨਿਵਾਸੀਆਂ ਨੂੰ ਘੰਟਿਆਂ ਤੱਕ ਰੋਕਿਆ।