ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਪਾਕਿਸਤਾਨ 10 ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰੇਗਾ। ਸ੍ਰੀ ਨਨਕਾਣਾ ਸਾਹਿਬ ਵਿਖੇ ਹੋਏ ਪਹਿਲੇ ਅੰਤਰਰਾਸ਼ਟਰੀ ਸਿੱਖ ਸੰਮੇਲਨ ਦੌਰਾਨ ਪਾਕਿਸਤਾਨੀ ਪੰਜਾਬ ਦੇ ਰਾਜਪਾਲ ਚੌਧਰੀ ਸਰਵਰ ਖਾਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਭਾਰਤ ਨੂੰ ਵੀ ਵੱਡਾ ਭਰਾ ਬਣ ਕੇ ਇਸ ਪਾਸੇ ਅੱਗੇ ਆਉਣਾ ਚਾਹੀਦਾ ਹੈ।


ਇਸ 3 ਰੋਜ਼ਾ ਸੰਮੇਲਨ ਦੇ ਪਹਿਲੇ ਦਿਨ ਲਾਹੌਰ ਦੇ ਰਾਜਪਾਲ ਭਵਨ ਵਿਖੇ ਪਾਕਿਸਤਾਨੀ ਪੰਜਾਬ ਦੇ ਰਾਜਪਾਲ ਚੌਧਰੀ ਸਰਵਰ ਖਾਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾਅਵਾ ਕੀਤਾ ਕਿ 250 ਬਿਲੀਅਨ ਡਾਲਰ ਦੀ ਰਕਮ ਖ਼ਰਚ ਕਰਕੇ ਕਰਤਾਰਪੁਰ ਲਾਂਘੇ ਦਾ 90 ਤੋਂ 95 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ।


ਚੌਧਰੀ ਨੇ ਕਿਹਾ ਕਿ ਹਰ ਸਾਲ ਭਾਰਤ ਤੋਂ 3,000 ਸਿੱਖ ਸ਼ਰਧਾਲੂ ਪਾਕਿਸਤਾਨ ਆਉਂਦੇ ਹਨ ਪਰ ਇਸ ਵਾਰ ਮੁੱਖ ਸਮਾਗਮ ਲਈ ਭਾਰਤ ਤੋਂ ਆਉਣ ਵਾਲੇ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣਗੇ। ਇਸ ਦੇ ਲਈ ਭਾਰਤੀ ਸੰਗਤ 30 ਸਤੰਬਰ ਤੱਕ ਵੀਜ਼ਿਆਂ ਲਈ ਅਪਲਾਈ ਕਰ ਸਕਦੀ ਹੈ।