ਦਰਅਸਲ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਚੀਨੀ ਵਸਤਾਂ ’ਤੇ ਭਾਰੀ ਟੈਕਸ ਲਾਏ ਹਨ। ਇਸ ਕਾਰਨ ਦੁਨੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਵਣਜ ਦੀ ਜੰਗ ਛਿੜੀ ਹੋਈ ਹੈ। ਅਮਰੀਕੀ ਟੈਕਸਾਂ ਦੇ ਜਵਾਬ ਵਿੱਚ ਚੀਨ ਨੇ ਵੀ ਟੈਕਸ ਵਧਾਏ ਹਨ। ਇਸ ਦਾ ਆਲਮੀ ਆਰਥਿਕਤਾ 'ਤੇ ਅਸਰ ਪੈ ਰਿਹਾ ਹੈ।
ਇਸ ਬਾਰੇ ਟਰੰਪ ਨੇ ਕਿਹਾ, ‘‘ ਉਨ੍ਹਾਂ (ਚੀਨ) ਨੇ ਆਪਣੇ ਆਪ ਨੂੰ ਮਾੜੀ ਸਥਿਤੀ ਵੱਲ ਧੱਕ ਲਿਆ ਹੈ। ਮੈਂ ਹੁਣ ਦੇਖਿਆ ਕਿ 13 ਪ੍ਰਤੀਸ਼ਤ ਕੰਪਨੀਆਂ ਨੇੜ ਭਵਿੱਖ ਵਿੱਚ ਚੀਨ ਨੂੰ ਛੱਡਣ ਜਾ ਰਹੀਆਂ ਹਨ। ਇਹ ਬਹੁਤ ਵੱਡੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਨੇੜ ਭਵਿੱਖ ’ਚ 13 ਫੀਸਦੀ ਕੰਪਨੀਆਂ ਵੱਲੋਂ ਚੀਨ ਨੂੰ ਛੱਡੇ ਜਾਣ ਦੀ ਗੱਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਹੈ। ਬਲਕਿ ਮੈਨੂੰ ਲੱਗਦਾ ਹੈ ਕਿ ਇਹ ਗਿਣਤੀ ਹੋਰ ਵੀ ਵਧੇਗੀ ਕਿਉਂਕਿ ਉਹ ਭਾਰੀ ਟੈਕਸ ਦਰਾਂ ਦਾ ਸਾਹਮਣਾ ਨਹੀਂ ਕਰ ਸਕਦੇ।’’
ਅਮਰੀਕਾ ਵੱਲੋਂ ਚੀਨੀ ਉਤਪਾਦਾਂ ’ਤੇ ਦੋ ਪੜਾਵਾਂ ’ਚ ਲਾਏ ਜਾਣ ਵਾਲੇ ਨਵੇਂ ਟੈਕਸਾਂ ਦੇ ਪਹਿਲੇ ਪੜਾਅ ਦੌਰਾਨ ਅੱਜ ਤੋਂ ਖ਼ਰਬਾਂ ਡਾਲਰ ਦੇ ਚੀਨੀ ਉਤਪਾਦਾਂ ’ਤੇ 15 ਪ੍ਰਤੀਸ਼ਤ ਡਿਊਟੀ ਲਾਏ ਜਾਣ ਦੀ ਸੰਭਾਵਨਾ ਹੈ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਛਿੜੀ ਵਣਜ ਦੀ ਜੰਗ ਹੋਰ ਵਧੇਗੀ। ਪਹਿਲੇ ਪੜਾਅ ਦੌਰਾਨ ਲਾਏ ਜਾਣ ਵਾਲੇ ਟੈਕਸਾਂ ਦਾ ਅਸਰ 150 ਖ਼ਰਬ ਅਮਰੀਕੀ ਡਾਲਰ ਦੀ ਦਰਾਮਦ ’ਤੇ ਪਵੇਗੀ।