11 Punjabi Died In Georgia: ਜਾਰਜੀਆ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਜਾਰਜੀਆ ਦੇ ਇੱਕ ਭਾਰਤੀ ਰੈਸਟੋਰੈਂਟ ਗੁਡੌਰੀ ਸਕੀ ਵਿੱਚ 11 ਪੰਜਾਬੀਆਂ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਜਾਰਜੀਆ 'ਚ ਪੰਜਾਬੀ ਨੌਜਵਾਨਾਂ ਸਮੇਤ 12 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਸਾਰਿਆਂ ਦੀਆਂ ਲਾਸ਼ਾਂ ਰੈਸਟੋਰੈਂਟ ਦੇ ਕਮਰੇ ਵਿੱਚੋਂ ਮਿਲੀਆਂ।


ਪ੍ਰਾਪਤ ਜਾਣਕਾਰੀ ਅਨੁਸਾਰ 11 ਪੰਜਾਬੀ ਨੌਜਵਾਨ ਜਾਰਜੀਆ ਦੇ ਤਬਿਲਿਸੀ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਨਰੇਟਰ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਵਾਪਰਿਆ ਹੈ। ਇਹ ਘਟਨਾ ਜਾਰਜੀਆ ਦੇ ਮਸ਼ਹੂਰ ਗੁਡੌਰੀ ਸਕੀ ਰਿਜ਼ੋਰਟ 'ਚ ਵਾਪਰੀ। ਇਸ ਦੌਰਾਨ ਲਾਈਟਾਂ ਚਲੀਆਂ ਗਈਆਂ, ਜਿਸ ਕਾਰਨ ਜਨਰੇਟਰ ਚੱਲ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਸਾਰੇ 12 ਨੌਜਵਾਨ ਸੁੱਤੇ ਹੋਏ ਸਨ। ਜਨਰੇਟਰ ਤੋਂ ਧੂੰਆਂ ਕਮਰੇ ਦੇ ਅੰਦਰ ਆ ਗਿਆ, ਜਿਸ ਕਾਰਨ ਦਮ ਘੁੱਟਣ ਨਾਲ ਸਾਰਿਆਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।




 
ਜਾਣਕਾਰੀ ਲਈ ਦੱਸ ਦੇਈਏ ਕਿ ਜਾਰਜੀਆ ਦੇ ਇੱਕ ਰੈਸਟੋਰੈਂਟ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ 12 ਲੋਕਾਂ ਵਿੱਚੋਂ 11 ਪੰਜਾਬ ਦੇ ਸਨ, ਜਿਨ੍ਹਾਂ ਵਿੱਚੋਂ ਇੱਕ ਸਮੀਰ ਕੁਮਾਰ ਖੰਨਾ ਦਾ ਰਹਿਣ ਵਾਲਾ ਸੀ। ਸਮੀਰ ਕੁਮਾਰ ਦੀ ਮੌਤ ਦੀ ਖਬਰ ਮਿਲਦੇ ਹੀ ਘਰ 'ਚ ਸੋਗ ਦੀ ਲਹਿਰ ਦੌੜ ਗਈ, ਪਰਿਵਾਰਕ ਮੈਂਬਰਾਂ 'ਚ ਮਾਤਮ ਛਾ ਗਿਆ। ਸਮੀਰ ਦੇ ਵੱਡੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ ਸਮੀਰ ਦੀ ਖੰਨਾ ਇੱਕ ਦਿਨ ਪਹਿਲਾਂ ਗੱਲ ਹੋਈ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ। ਜਦੋਂ ਕਾਫੀ ਦੇਰ ਤੱਕ ਫੋਨ ਨਾ ਆਇਆ ਤਾਂ ਉਨ੍ਹਾਂ ਸੰਪਰਕ ਕੀਤਾ ਤਾਂ ਹਾਦਸੇ ਬਾਰੇ ਪਤਾ ਲੱਗਾ। ਰਾਤ ਨੂੰ ਇੱਕ ਰੈਸਟੋਰੈਂਟ ਵਿੱਚ ਸੌਂਦੇ ਸਮੇਂ ਗੈਸ ਚੜ੍ਹਨ ਕਾਰਨ ਸਮੀਰ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਵੱਡੇ ਭਰਾ ਗੁਰਦੀਪ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੀਰ ਕੁਮਾਰ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਰਸਮਾਂ ਅਨੁਸਾਰ ਕੀਤਾ ਜਾ ਸਕੇ।