ਪਾਲੂ: ਇੰਡੋਨੇਸ਼ੀਆ 'ਚ ਆਏ ਭਿਆਨਕ ਭੂਚਾਲ ਤੇ ਸੁਨਾਮੀ ਤੋਂ ਬਾਅਦ ਉੱਥੇ ਅਜੇ ਵੀ 1000 ਤੋਂ ਜ਼ਿਆਦਾ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਮੁਤਾਬਕ ਇਕ ਹਫਤੇ 'ਚ ਲਾਪਤਾ ਲੋਕਾਂ ਦੀ ਸੰਖਿਆਂ 'ਚ ਭਾਰੀ ਵਾਧਾ ਹੋਇਆ ਹੈ। ਇਸ ਆਫਤ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੁਣ ਤੱਕ 1600 ਦੇ ਕਰੀਬ ਪਹੁੰਚ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।


ਸੁਲਾਵੇਸੀ ਦੀਪ 'ਤੇ ਸਥਿਤ ਪਾਲੂ ਸ਼ਹਿਰ ਸ਼ਕਤੀਸ਼ਾਲੀ ਭੂਚਾਲ ਤੇ ਭਿਆਨਕ ਹੜ੍ਹਾਂ ਦੀ ਲਪੇਟ 'ਚ ਆਉਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਕੁਝ ਦਿਨਾਂ ਦੀ ਦੇਰੀ ਤੋਂ ਬਾਅਦ ਆਫਤ ਖੇਤਰ 'ਚ ਅੰਤਰ-ਰਾਸ਼ਟਰੀ ਸਹਾਇਤਾ ਪਹੁੰਚਣ ਲੱਗੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਲਗਪਗ 2,00,000 ਲੋਕਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ।


ਭਾਰਤ ਚਲਾ ਰਿਹਾ ਹੈ ਆਪਰੇਸ਼ਨ ਮੈਤਰੀ:


ਇੰਡੋਨੇਸ਼ੀਆ 'ਚ ਭੂਚਾਲ ਤੇ ਸੁਨਾਮੀ ਪੀੜਤਾਂ ਦੀ ਸਹਾਇਤਾ ਲਈ ਭਾਰਤ ਨੇ ਵਿਆਪਕ ਮੁਹਿੰਮ ਸ਼ੁਰੂ ਕਰਦਿਆਂ ਦੋ ਜਹਾਜ਼ ਤੇ ਜਲ ਸੈਨਾ ਦੇ ਨਾਲ-ਨਾਲ ਰਾਹਤ ਸਮੱਗਰੀ ਭੇਜੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਚ ਕੁਝ ਦਿਨ ਪਹਿਲਾਂ 7.5 ਤੀਬਰਤਾ ਦੇ ਭੂਚਾਲ ਤੇ ਸੁਨਾਮੀ ਨੇ ਉੱਥੇ ਭਾਰੀ ਤਬਾਹੀ ਮਚਾਈ ਸੀ।