ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਚਰਚਾ 'ਚ ਆਏ ਚੀਨ 'ਚ ਅਨੋਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਚੀਨ ਚ ਹੈਕਰ ਵੱਲੋਂ ਢਾਈ ਕਰੋੜ ਡਾਲਰ ਰਕਮ ਦੀ ਕ੍ਰਿਪਟੋ ਕਰੰਸੀ ਚੋਰੀ ਕਰ ਲਈ ਗਈ। ਦਿਲਚਸਪ ਗੱਲ ਇਹ ਹੈ ਕਿ ਰਹੱਸਮਈ ਹੈਕਰ ਨੇ ਪਹਿਲਾਂ ਢਾਈ ਕਰੋੜ ਡਾਲਰ ਕ੍ਰਿਪਟੋ ਕਰੰਸੀ ਚੋਰੀ ਕੀਤੀ ਤੇ ਦੋ ਦਿਨ ਬਾਅਦ ਖ਼ੁਦ ਹੀ ਵਾਪਸ ਕਰ ਗਿਆ।
ਡੀ ਫੋਰਸ ਦੇ ਸੰਸਥਾਪਕ ਮੰਡਾਵਿਗ ਨੇ ਹੈਕਰ ਦੇ ਹਮਲਿਆਂ ਦੀ ਗੱਲ ਸਵੀਕਾਰਦਿਆਂ ਦੱਸਿਆ ਕਿ ਹੈਕਰ ਨੇ ਉਨ੍ਹਾਂ ਨਾਲ ਸੰਪਕਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਆਪਣੇ ਉਪਭੋਗਤਾਵਾਂ ਨੂੰ ਨੁਕਸਾਨ ਪਹੰਚਾਉਣ ਬਾਰੇ ਵੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਹੈਕਰ ਦੇ ਹਮਲੇ ਨਾਲ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸਿਕਿਓਰਟੀ ਕੰਪਨੀ ਪੈਕ ਸ਼ੀਲਡ ਨੇ ਆਪਣੇ ਬਲੌਗ 'ਚ ਦੱਸਿਆ ਕਿ ਹੈਕਰ ਨੇ ਡੀ ਫੋਰਸ ਦੇ ਤੰਤਰ ਨਾਲ ਛੇੜਛਾੜ ਕਰਕੇ ਢਾਈ ਕਰੋੜ ਡਾਲਰ ਰਕਮ ਚੋਰੀ ਕਰ ਲਈ।
ਕ੍ਰਿਪਟੋ ਕਰੰਸੀ ਨੂੰ ਡਿਜ਼ੀਟਲ ਮੁਦਰਾ ਵੀ ਕਿਹਾ ਜਾਂਦਾ ਹੈ। ਇਹ ਆਮ ਮੁਦਰਾ ਤੋਂ ਹਟ ਕੇ ਆਨਲਾਇਨ ਉਪਲਬਧ ਰਹਿੰਦੀ ਹੈ। ਚੀਨ 'ਚ ਡੀ ਫੋਰਸ ਕ੍ਰਿਪਟੋ ਕਰੰਸੀ ਦਾ ਇਕ ਪਲੇਟਫਾਰਮ ਹੈ ਜਿੱਥੇ ਡਿਜੀਟਲ ਲੈਣ ਦੇਣ ਹੁੰਦਾ ਹੈ। ਦੁਨੀਆਂ ਭਰ 'ਚ ਕ੍ਰਿਪੋਟ ਕਰੰਸੀ ਦਾ ਕਾਰੋਬਾਰ ਹੋ ਰਿਹਾ ਹੈ। ਇਨ੍ਹਾਂ ਦਿਨਾਂ 'ਚ ਪੰਜ ਹਜ਼ਾਰ ਕ੍ਰਿਪਟੋ ਕਰੰਸੀ ਚਲਣ 'ਚ ਹੈ। ਜਿੰਨ੍ਹਾਂ 'ਚ ਬਿੱਟ ਕੁਆਇਨ ਦਾ ਨੰਬਰ ਸਭ ਤੋਂ ਉੱਪਰ ਹੈ। ਕ੍ਰਿਪਟੋ ਕਰੰਸੀ 'ਤੇ ਸਰਕਾਰਾਂ ਦਾ ਕੰਟਰੋਲ ਨਹੀਂ ਰਹਿੰਦਾ।