ਇੱਕ ਪ੍ਰਾਇਮਰੀ ਸਕੂਲ 'ਚ ਸੋਮਵਾਰ 20 ਮਈ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਕ ਔਰਤ ਨੇ ਸਕੂਲ 'ਚ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਉਥੇ ਹੀ 10 ਲੋਕ ਜ਼ਖਮੀ ਹੋ ਗਏ। ਇਹ ਮਾਮਲਾ ਪੂਰਬੀ ਚੀਨ ਦੇ ਜਿਆਂਗਸ਼ੀ ਸੂਬੇ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਮਹੀਨੇ ਚੀਨ ਵਿੱਚ ਚਾਕੂ ਨਾਲ ਹਮਲੇ ਦੀ ਇਹ ਦੂਜੀ ਘਟਨਾ ਹੈ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਇਹ ਘਟਨਾ ਗੁਈਸ਼ੀ ਸ਼ਹਿਰ ਦੇ ਇਕ ਸਕੂਲ 'ਚ ਵਾਪਰੀ ਜਿੱਥੇ 6 ਤੋਂ 12 ਸਾਲ ਦੇ ਬੱਚੇ ਪੜ੍ਹਦੇ ਹਨ।
ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਔਰਤ ਦਾ ਨਾਮ ਪੈਨ ਹੈ ਅਤੇ ਉਸਦੀ ਉਮਰ 45 ਸਾਲ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਸ ਘਟਨਾ 'ਚ ਜ਼ਖਮੀਆਂ 'ਚ ਬੱਚੇ ਵੀ ਸ਼ਾਮਲ ਹਨ ਜਾਂ ਨਹੀਂ। ਸਕੂਲ ਵਿੱਚ ਲੱਗੇ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਇਸ ਘਟਨਾ ਵਿੱਚ ਚਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਦੋਂਕਿ ਛੇ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਘਟਨਾ ਸਕੂਲ ਵਿੱਚ ਦੁਪਹਿਰ ਵੇਲੇ ਵਾਪਰੀ। ਪੁਲਿਸ ਨੇ ਦੱਸਿਆ ਕਿ ਔਰਤ ਨੇ ਇਸ ਵਾਰਦਾਤ ਨੂੰਅਿੰਜਾਮ ਕਿਉਂ ਦਿੱਤਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹੋਰ ਲੋਕਾਂ ਤੋਂ ਵੀ ਘਟਨਾ ਦੀ ਜਾਣਕਾਰੀ ਲੈ ਰਹੀ ਹੈ।
ਦੂਜੇ ਪਾਸੇ ਇਸ ਘਟਨਾ ਨਾਲ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਬੱਚੇ ਕਾਫੀ ਡਰੇ ਹੋਏ ਹਨ। ਇੱਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਹਰ ਕੋਈ ਡਰਿਆ ਹੋਇਆ ਹੈ। ਉਂਜ ਉਨ੍ਹਾਂ ਸਕੂਲ ਮੈਨੇਜਮੈਂਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਕੂਲ ਦੇ ਅਧਿਆਪਕਾਂ ਨੇ ਇਹਨਾਂ ਹਾਲਾਤਾਂ ਨੂੰ ਸੰਭਾਲਿਆ, ਉਹ ਕਾਫੀ ਸ਼ਲਾਘਾਯੋਗ ਹੈ। ਉਹਨਾਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਅਧਿਆਪਕਾਂ ਨੇ ਬੱਚਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਸਕੂਲ ਦੇ ਦਰਵਾਜ਼ੇ ਬੰਦ ਹਨ।
ਲਗਾਤਾਰ ਵਾਪਰ ਰਹੀਆਂ ਹਨ ਛੁਰੇਬਾਜ਼ੀ ਦੀਆਂ ਘਟਨਾਵਾਂ
ਇਸ ਮਹੀਨੇ ਦੇ ਸ਼ੁਰੂ ਵਿੱਚ, ਇੱਕ ਵਿਅਕਤੀ ਨੇ ਦੱਖਣੀ ਸੂਬੇ ਯੂਨਾਨ ਦੇ ਇੱਕ ਹਸਪਤਾਲ ਵਿੱਚ ਦੋ ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ 21 ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਪਿਛਲੇ ਸਾਲ ਅਗਸਤ ਵਿੱਚ ਯੂਨਾਨ ਦੇ ਇੱਕ ਰਿਹਾਇਸ਼ੀ ਜ਼ਿਲ੍ਹੇ ਵਿੱਚ ਮਾਨਸਿਕ ਰੋਗ ਤੋਂ ਪੀੜਤ ਇੱਕ ਵਿਅਕਤੀ ਨੇ ਚਾਕੂ ਨਾਲ ਦੋ ਲੋਕਾਂ ਦਾ ਕਤਲ ਕਰ ਦਿੱਤਾ ਸੀ ਅਤੇ 7 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਫਿਰ ਜੁਲਾਈ ਵਿੱਚ, ਗੁਆਂਗਡੋਂਗ ਵਿੱਚ ਇੱਕ ਭਿਆਨਕ ਕਿੰਡਰਗਾਰਟਨ ਵਿੱਚ ਛੁਰੇਬਾਜ਼ੀ ਵਿੱਚ ਤਿੰਨ ਬੱਚਿਆਂ ਸਣੇ ਛੇ ਲੋਕ ਮਾਰੇ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ 'ਚ 25 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।