ਵੈਨਕੂਵਰ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਸ਼ੁੱਕਰਵਾਰ ਸਵੇਰੇ ਗੋਲ਼ੀ ਚੱਲਣ ਦੀ ਵਾਰਦਾਤ ਵਾਪਰੀ ਹੈ, ਜਿਸ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ। RCMP ਦਾ ਕਹਿਣਾ ਹੈ ਕਿ ਵੀਰਵਾਰ ਰਾਤ ਕਰੀਬ 9.30 ਵਜੇ, ਉਨ੍ਹਾਂ ਨੂੰ ਇੱਕ ਕਾਲ ਨਾਲ ਸੂਚਿਤ ਕੀਤਾ ਗਿਆ ਕਿ, ਇੱਕ ਘਰ ਵਿੱਚ ਕਿਸੇ ਨੂੰ ਬੰਦੀ ਬਣਾ ਲਿਆ ਗਿਆ ਹੈ। ਇਸ ਕਾਰਨ ਪੁਲਿਸ ਨੇ 132 ਸਟ੍ਰੀਟ ਕੋਲ 98-A ਐਵੀਨਿਊ ਕੋਲ ਸਥਿਤ ਘਰ ਤਕ ਪਹੁੰਚ ਕੀਤੀ ਗਈ।
ਗੁਆਂਢ 'ਚ ਸਥਿਤ ਘਰ ਵੀ ਖਾਲੀ ਕਰਵਾ ਲਏ ਗਏ, ਅਤੇ ਲੋਅਰ ਮੇਨਲੈਂਡ ਐਮਰਜੈਂਸੀ ਰਿਸਪਾਂਸ ਟੀਮ ਨੂੰ ਵੀ ਮੌਕੇ 'ਤੇ ਸੱਦਿਆ ਗਿਆ। RCMP ਵੱਲੋਂ ਜਾਰੀ ਰਿਲੀਜ਼ ਵਿੱਚ ਦੱਸਿਆ ਗਿਆ ਕਿ, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ, ਘਰ ਦੇ ਅੰਦਰੋਂ ਇੱਕ ਪੁਰਸ਼ ਅਤੇ ਮਹਿਲਾ ਨੂੰ ਸੁਰੱਖਿਅਤ ਬਾਹਰ ਲਿਆਂਦਾ ਜਾ ਸਕੇ, ਅਤੇ ਪੂਰੇ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾ ਸਕੇ।
ਪੁਲਿਸ ਸ਼ੁੱਕਰਵਾਰ ਸਵੇਰੇ ਕਰੀਬ 7.30 ਵਜੇ ਘਰ ਦੇ ਅੰਦਰ ਦਾਖਲ ਹੋਈ, ਤੇ ਬਾਅਦ ਕਥਿਤ ਤੌਰ 'ਤੇ ਤਕਰਾਰ ਹੋ ਗਈ। RCMP ਦਾ ਕਹਿਣਾ ਸੀ ਕਿ ਇਸ ਦੌਰਾਨ ਇੱਕ ਸ਼ਖਸ ਨੂੰ ਗੋਲ਼ੀ ਲੱਗੀ, ਅਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤ ਐਲਾਨ ਦਿੱਤਾ ਗਿਆ। ਇੱਕ ਮਹਿਲਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਨੂੰ ਵੀ ਮ੍ਰਿਤ ਐਲਾਨ ਦਿੱਤਾ ਗਿਆ। Independent Investigations office ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮਾਮਲੇ ਵਿਚ ਕੋਈ ਹੋਰ ਵਿਅਕਤੀ ਜਾਂ ਪੁਲਿਸ ਅਫਸਰ ਜ਼ਖ਼ਮੀ ਨਹੀਂ ਹੋਏ। ਹਾਲਾਂਕਿ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਮ੍ਰਿਤਕਾਂ ਦਾ ਆਪਸ ਵਿਚ ਕੀ ਰਿਸ਼ਤਾ ਸੀ, ਪਰ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ। ਦੋਵਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।