ਬੀਜਿੰਗ: ਦੁਨੀਆ ਭਰ 'ਚ ਫੈਲੀ ਕੋਰੋਨਾਵਾਇਰਸ (ਕੋਵਿਡ-19) ਮਹਾਮਾਰੀ ਦੇ ਵਧ ਰਹੇ ਪ੍ਰਕੋਪ ਵਿਚਾਲੇ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਇਹ ਮਾਰੂ ਵਾਇਰਸ ਕਿੱਥੋਂ ਆਇਆ? ਅਮਰੀਕਾ ਦੁਨੀਆ ਭਰ ਵਿੱਚ ਵਾਇਰਸ ਫੈਲਾਉਣ ਲਈ ਚੀਨ 'ਤੇ ਦੋਸ਼ ਲਾ ਰਿਹਾ ਹੈ। ਹਾਲਾਂਕਿ ਚੀਨ ਇਨ੍ਹਾਂ ਦੋਸ਼ਾਂ ਨੂੰ ਨਕਾਰਦਾ ਰਿਹਾ। ਚੀਨ ਕੋਰੋਨਾਵਾਇਰਸ ਫੈਲਾਉਣ ਲਈ ਅਮਰੀਕਾ 'ਤੇ ਦੋਸ਼ ਲਾ ਰਿਹਾ ਹੈ। ਇਸ ਦੌਰਾਨ, ਚੀਨ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਨਾ ਤਾਂ ਕੋਵਿਡ 19 ਬਣਾਇਆ ਹੈ ਤੇ ਨਾ ਹੀ ਇਸ ਨੂੰ ਦੂਜੇ ਦੇਸ਼ਾਂ ਵਿੱਚ ਫੈਲਾਇਆ ਹੈ।


ਉਧਰ, ਅਮਰੀਕਾ ਨੇ ਚੀਨ ਤੇ ਕੋਰੋਨਾਵਾਇਰਸ ਫੈਲਾਉਣ ਦੇ ਦੋਸ਼ ਲਾਉਂਦੇ ਹੋਏ ਕੇਸ ਵੀ ਕੀਤਾ ਹੈ। ਅਮਰੀਕਾ ਦੇ ਵਕੀਲ ਲੈਰੀ ਕੈਲਮੈਨ ਨੇ ਚੀਨ ਖਿਲਾਫ ਵਿਸ਼ਵ ਪੱਧਰ 'ਤੇ ਕੋਰੋਨਾਵਾਇਰਸ ਫੈਲਾਉਣ ਲਈ 200 ਟ੍ਰਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਮਾਮਲੇ ਵਿੱਚ, ਚੀਨ ਉੱਤੇ ਦੁਨੀਆ ਦੇ 3.34 ਲੱਖ ਲੋਕਾਂ ਨੂੰ ਵਾਇਰਸ ਨਾਲ ਸੰਕਰਮਿਤ ਕਰਨ ਦਾ ਦੋਸ਼ ਲਾਇਆ ਗਿਆ ਹੈ।

ਕੈਲਮੈਨ ਨੇ ਟੈਕਸਾਸ ਉੱਤਰੀ ਜ਼ਿਲ੍ਹਾ ਦੀ ਇੱਕ ਅਦਾਲਤ ਵਿੱਚ ਇੱਕ ਮੁਕੱਦਮਾ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਇਹ ਵਾਇਰਸ ਚੀਨ ਵੱਲੋਂ ਯੁੱਧ ਦੇ ਜੈਵਿਕ ਹਥਿਆਰ ਵਜੋਂ ਬਣਾਇਆ ਹੈ। ਇਹ ਅਮਰੀਕਾ ਦੇ ਕਾਨੂੰਨ, ਅੰਤਰਰਾਸ਼ਟਰੀ ਕਾਨੂੰਨ, ਸਮਝੌਤਿਆਂ ਤੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਕੈਲਮੈਨ ਨੇ ਕਿਹਾ ਕਿ ਇਹ ਇੱਕ ਪ੍ਰਭਾਵਸ਼ਾਲੀ ਤੇ ਵਿਨਾਸ਼ਕਾਰੀ ਯੁੱਧ ਦੇ ਜੈਵਿਕ ਹਥਿਆਰ ਵਜੋਂ ਵੱਡੇ ਪੱਧਰ ਤੇ ਆਬਾਦੀ ਨੂੰ ਮਾਰਨ ਲਈ ਤਿਆਰ ਕੀਤਾ ਗਿਆ ਸੀ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਾਇਰਸ ਦੇ ਵਿਨਾਸ਼ ਲਈ ਚੀਨ ਵੱਲੋਂ ਕੀਤੀ ਗਈ ਇੱਕ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਡੋਨਾਲਡ ਟਰੰਪ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਚੀਨ ਵੱਲੋਂ ਕੋਰੋਨਾ ਵਾਇਰਸ ਦੀ ਜਾਣਕਾਰੀ ਲੁਕਾਉਣ ਦੀ ਕੀਮਤ ਅਦਾ ਕਰ ਰਹੀ ਹੈ।