ਨਿਊਯਾਰਕ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਵੜ੍ਹਨ ਦੀ ਕੋਸ਼ਿਸ਼ ਕਰਕੇ ਦੋ ਭਾਰਤੀ ਫੜੇ ਗਏ। ਇਨ੍ਹਾਂ ਵਿੱਚੋਂ ਇੱਕ ਸਿੱਖ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀ ਨੇ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਅਮਰੀਕਾ-ਮੈਕਸੀਕੋ ਸਰਹੱਦ ’ਤੇ ਐਰੀਜ਼ੋਨਾ ਵਿੱਚ ਗਸ਼ਤ ਕਰ ਰਹੇ ਦਲ ਨੇ ਦੋ ਭਾਰਤੀਆਂ ਨੂੰ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਹਿਰਾਸਤ ਵਿੱਚ ਲਿਆ ਹੈ। ਇਹ ਦੋਵੇਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ।


ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਸਿੱਖ ਵਿਅਕਤੀ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸੰਕਟ ’ਚ ਫਸੇ ਲੋਕਾਂ ਨੂੰ ਲੱਭਣ ਲਈ ਬਣੀ ਤਕਨੀਕ ਦਾ ਇਸਤੇਮਾਲ ਕਰਕੇ ਖ਼ੁਦ ਨੂੰ ਬਚਾਉਣ ਲਈ ਮਦਦ ਮੰਗੀ। ਅਮਰੀਕੀ ਸਰਹੱਦ ’ਤੇ ਗਸ਼ਤ ਕਰਨ ਵਾਲੇ ਬਚਾਅ ਦਲ ਨੇ ਬੁੱਧਵਾਰ ਸ਼ਾਮ ਦੋ ਜਣਿਆਂ ਨੂੰ ਬਚਾਇਆ।

ਇੱਕ ਬਿਆਨ ਵਿੱਚ ਅਮਰੀਕੀ ਅਥਾਰਿਟੀ ਨੇ ਕਿਹਾ ਹੈ ਕਿ ਇਹ ਦੋਵੇਂ ਚੰਗੀ ਹਾਲਤ ਵਿੱਚ ਸਨ ਤੇ ਇਨ੍ਹਾਂ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਅਗਲੇਰੀ ਕਾਰਵਾਈ ਲਈ ਜਦ ਦੋਵਾਂ ਨੂੰ ਸਟੇਸ਼ਨ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਇਹ ਦੋਵੇਂ ਭਾਰਤੀ ਨਾਗਰਿਕ ਹਨ ਤੇ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ ਸਨ।