ਕੋਲੰਬੋ: ਈਸਾਈ ਧਰਮ ਦੇ ਪ੍ਰਸਿੱਧ ਤਿਓਹਾਰ ਈਸਟਰ ਮੌਕੇ ਸ੍ਰੀਲੰਕਾ ਵਿੱਚ ਲੜੀਵਾਰ ਧਮਾਕੇ ਹੋਣ ਦੀ ਖ਼ਬਰ ਹੈ। ਇਨ੍ਹਾਂ ਧਮਾਕਿਆਂ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 160 ਤਕ ਪਹੁੰਚ ਗਈ ਹੈ ਅਤੇ 350 ਜ਼ਖ਼ਮੀ ਹੋਏ ਹਨ। ਹਾਲੇ ਤਕ ਮ੍ਰਿਤਕਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਪਰ ਇਨ੍ਹਾਂ ਵਿੱਚ 35 ਵਿਦੇਸ਼ੀ ਨਾਗਰਿਕ ਹਨ। ਛੇ ਥਾਵਾਂ 'ਤੇ ਹੋਏ ਧਮਾਕਿਆਂ ਦੀ ਹਾਲੇ ਤਕ ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ।


ਇਹ ਧਮਾਕੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਅਤੇ ਬੱਟੀਕੋਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਪਰੇ। ਸ੍ਰੀਲੰਕਾਈ ਮੀਡੀਆ ਰਿਪੋਰਟਾਂ ਮੁਤਾਬਕ ਗਿਰਜਾਘਰਾਂ ਵਿੱਚ ਈਸਟਰ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਹ ਧਮਾਕੇ ਹੋਏ। ਤਿੰਨ ਚਰਚ ਤੋਂ ਇਲਾਵਾ ਤਿੰਨ ਪੰਜ ਸਿਤਾਰਾ ਹੋਟਲਾਂ 'ਚ ਵੀ ਧਮਾਕੇ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।


ਭਾਰਤੀ ਦੂਤ ਘਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਅਤੇ ਸ਼੍ਰੀਲੰਕਾ ਸਰਕਾਰ ਨੇ ਹੰਗਾਮੀ ਬੈਠਕ ਸੱਦ ਲਈ ਹੈ। ਘਟਨਾ ਸਥਾਨਾਂ 'ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।