ਬਰਲਿਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਰੂਸ-ਯੂਕਰੇਨ ਜੰਗ, ਨਵੇਂ ਭਾਰਤ ਦੀ ਜ਼ੋਖਮ ਚੁੱਕਣ ਦੀ ਸਮਰੱਥਾ ਦੇ ਨਾਲ-ਨਾਲ ਕਾਂਗਰਸ ਸਰਕਾਰ ਦੌਰਾਨ ਫੈਲੇ ਭ੍ਰਿਸ਼ਟਾਚਾਰ 'ਤੇ ਵੀ ਹਮਲਾ ਬੋਲਿਆ। ਇਸ ਸਾਲ ਤਿੰਨ ਦੇਸ਼ਾਂ ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਪੀਐਮ ਮੋਦੀ ਨੇ ਰੂਸ-ਯੂਕਰੇਨ ਯੁੱਧ 'ਤੇ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਜੰਗ 'ਚ ਕਿਸੇ ਦੀ ਜਿੱਤ ਨਹੀਂ ਹੋਵੇਗੀ, ਪਰ ਇਸ ਦਾ ਨਤੀਜਾ ਸਾਰਿਆਂ ਨੂੰ ਭੁਗਤਣਾ ਪਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਏ ਮੌਕਿਆਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਇਸ ਯੁੱਧ ਕਾਰਨ ਪੂਰੀ ਦੁਨੀਆ ਕਣਕ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਭਾਰਤ ਸਭ ਦਾ ਪੇਟ ਭਰਨ ਲਈ ਆ ਰਿਹਾ ਹੈ। ਪੀਐਮ ਮੋਦੀ ਦੀ ਜਰਮਨੀ ਫੇਰੀ ਤੋਂ ਉਤਸ਼ਾਹਿਤ ਭਾਰਤੀ ਭਾਈਚਾਰੇ ਨੇ ‘ਮੋਦੀ ਵਮਸ ਮੋਰ 2024’ ਦੇ ਨਾਅਰੇ ਵੀ ਲਾਏ।


'2024, ਮੋਦੀ ਵਨਸ ਮੋਰ' ਦਾ ਨਾਅਰਾ ਉਦੋਂ ਗੂੰਜਿਆ ਜਦੋਂ ਇੱਕ ਆਡੀਟੋਰੀਅਮ ਵਿਚ ਇਕੱਠੇ ਹੋਏ ਲੋਕਾਂ ਨੇ ਤਾੜੀਆਂ ਮਾਰੀਆਂ ਅਤੇ ਭਾਰਤੀ ਝੰਡੇ ਲਹਿਰਾਏ। ਪ੍ਰਧਾਨ ਮੰਤਰੀ ਦੇ ਤੌਰ 'ਤੇ ਇਹ ਮੋਦੀ ਦਾ ਲਗਾਤਾਰ ਦੂਜਾ ਕਾਰਜਕਾਲ ਹੈ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 2014 ਦੇ ਮੁਕਾਬਲੇ ਵੱਧ ਸੀਟਾਂ ਹਾਸਲ ਕਰਨ ਦੇ ਨਾਲ ਭਾਜਪਾ ਦੀ ਲਗਾਤਾਰ ਦੂਜੀ ਜਿੱਤ ਲਈ ਅਗਵਾਈ ਕੀਤੀ। ਅਗਲੀਆਂ ਲੋਕ ਸਭਾ ਚੋਣਾਂ 2024 ਵਿੱਚ ਹੋਣਗੀਆਂ।


ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਵਿਦੇਸ਼ ਦੌਰੇ 'ਤੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਜਰਮਨੀ ਦੇ ਚਾਂਸਲਰ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਅਤੇ ਡੈਨਮਾਰਕ ਜਾਣਾ ਹੈ। ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ ਜਰਮਨੀ ਪਹੁੰਚ ਕੇ ਉਨ੍ਹਾਂ ਨੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।


ਪੀਐਮ ਮੋਦੀ ਨੇ ਕਿਹਾ ਕਿ ਅੱਜ ਸਵੇਰੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਇੱਥੇ ਇੰਨੀ ਠੰਢ ਹੈ, ਪਰ ਕਈ ਛੋਟੇ ਬੱਚੇ ਵੀ ਸਵੇਰੇ 4-4.30 ਵਜੇ ਆ ਗਏ। ਤੁਹਾਡਾ ਪਿਆਰ ਅਤੇ ਤੁਹਾਡੀਆਂ ਅਸੀਸਾਂ ਮੇਰੀ ਵੱਡੀ ਤਾਕਤ ਹਨ। ਉਨ੍ਹਾਂ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਅੱਜ ਜਰਮਨੀ ਵਿੱਚ ਮਾਂ ਭਾਰਤੀ ਦੇ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ।


ਇਹ ਵੀ ਪੜ੍ਹੋ: Vicky Kaushal ਅਤੇ Ammy Virk ਦੀ ਆਉਣ ਵਾਲੀ ਫਿਲਮ ਦੇ ਟਾਈਟਲ ਦਾ ਹੋਇਆ ਖੁਲਾਸਾ, ਜਾਣੋ ਕੀ ਹੈ ਦੋਵਾਂ ਦੀ ਫਿਲਮ ਦਾ ਨਾਂ