Pakistan Attack: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸੋਮਵਾਰ ਨੂੰ ਹਿੰਸਾ ਦੀਆਂ ਦੋ ਘਟਨਾਵਾਂ 'ਚ ਪੰਜਾਬ ਦੇ 39 ਲੋਕਾਂ ਦੀ ਮੌਤ ਹੋ ਗਈ। ਇੱਕ ਮਾਮਲੇ 'ਚ ਬਲੋਚਿਸਤਾਨ ਦੇ ਮੂਸਾਖੇਲ 'ਚ ਹਾਈਵੇਅ 'ਤੇ ਕਈ ਵਾਹਨਾਂ ਨੂੰ ਰੋਕ ਕੇ ਉਸ 'ਚ ਸਵਾਰ ਪੰਜਾਬੀ ਮੂਲ ਦੇ ਲੋਕਾਂ ਨੂੰ ਮਾਰ ਦਿੱਤਾ ਗਿਆ। ਇਨ੍ਹਾਂ ਲੋਕਾਂ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਪਛਾਣ ਪੱਤਰ ਚੈੱਕ ਕੀਤੇ ਗਏ ਤੇ ਪਤਾ ਲੱਗਾ ਕਿ ਇਹ ਪੰਜਾਬੀ ਸਨ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ਵਿੱਚ ਵੀ 16 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਬਲੋਚ ਲਿਬਰੇਸ਼ਨ ਆਰਮੀ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਹ ਬਲੋਚ ਅੱਤਵਾਦੀਆਂ ਦਾ ਸੰਗਠਨ ਹੈ, ਜੋ ਅਕਸਰ ਪੰਜਾਬੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ।


ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਬਲੋਚ ਬਾਗੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਅੱਜ ਸਵੇਰ ਤੋਂ ਹੁਣ ਤੱਕ 12 ਅੱਤਵਾਦੀ ਮਾਰੇ ਜਾ ਚੁੱਕੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਲੋਚਿਸਤਾਨ 'ਚ ਕਈ ਥਾਵਾਂ 'ਤੇ ਅੱਤਵਾਦੀਆਂ ਨੇ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਹਮਲਿਆਂ ਦਾ ਜ਼ਬਰਦਸਤ ਜਵਾਬ ਦਿੱਤਾ ਹੈ ਤੇ ਹੁਣ ਤੱਕ ਕੀਤੇ ਗਏ ਅਪਰੇਸ਼ਨਾਂ 'ਚ 12 ਲੋਕਾਂ ਨੂੰ ਮਾਰ ਦਿੱਤਾ ਹੈ। ਦੱਸ ਦਈਏ ਕਿ ਐਤਵਾਰ ਰਾਤ ਬਲੋਚ ਲਿਬਰੇਸ਼ਨ ਆਰਮੀ ਨੇ ਮਸਤਾਂਗ, ਕਲਾਤ, ਪਸਨੀ, ਸੰਤਸਰ 'ਚ ਪੁਲਿਸ ਥਾਣਿਆਂ 'ਤੇ ਹਮਲਾ ਕੀਤਾ ਸੀ।
ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੰਗਠਨ ਨੇ ਕਿਹਾ ਕਿ ਅਸੀਂ ਕੁਝ ਹੋਰ ਥਾਵਾਂ 'ਤੇ ਵੀ ਹਮਲੇ ਕੀਤੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਈਰਾਨ ਨਾਲ ਜੋੜਨ ਵਾਲੀ ਰੇਲਵੇ ਲਾਈਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। 


ਦਰਅਸਲ ਬਲੋਚਿਸਤਾਨ ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਤੋਂ ਹੀ ਵੱਖਵਾਦੀ ਅੰਦੋਲਨ ਚੱਲ ਰਿਹਾ ਹੈ। ਬਲੋਚਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਉਨ੍ਹਾਂ ਦੇ ਸਾਧਨਾਂ ਦਾ ਸ਼ੋਸ਼ਣ ਕਰਦਾ ਹੈ, ਪਰ ਉੱਥੇ ਕੋਈ ਵਿਕਾਸ ਨਹੀਂ ਹੁੰਦਾ। ਗਵਾਦਰ ਬੰਦਰਗਾਹ ਸਮੇਤ ਕਈ ਹੋਰ ਪ੍ਰੋਜੈਕਟਾਂ 'ਤੇ ਚੀਨ ਦੇ ਸਹਿਯੋਗ ਨਾਲ ਇੱਥੇ ਕੰਮ ਵੀ ਚੱਲ ਰਿਹਾ ਹੈ। ਬਲੋਚ ਵੀ ਉਨ੍ਹਾਂ ਦੇ ਖ਼ਿਲਾਫ਼ ਆ ਗਏ ਹਨ।


ਇੰਨਾ ਹੀ ਨਹੀਂ ਇਸ ਦੇ ਵਿਰੋਧ 'ਚ ਉਹ ਅਕਸਰ ਪੰਜਾਬੀਆਂ 'ਤੇ ਹਮਲੇ ਕਰਦੇ ਹਨ। ਅਸਲ ਵਿਚ ਉਨ੍ਹਾਂ ਦਾ ਮੰਨਣਾ ਹੈ ਕਿ ਬਲੋਚਿਸਤਾਨ ਦੇ ਵਸੀਲਿਆਂ 'ਤੇ ਪਾਕਿਸਤਾਨੀ ਪੰਜਾਬ ਦੇ ਲੋਕਾਂ ਦੇ ਨਾਜਾਇਜ਼ ਕਬਜ਼ੇ ਹਨ। ਇਸ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ।