ਰਵੀ ਇੰਦਰ ਸਿੰਘ

ਚੰਡੀਗੜ੍ਹ: ਇੱਕ ਮੁਟਿਆਰ ਸਮੇਤ ਮਾਝੇ ਤੇ ਦੁਆਬੇ ਦੇ ਚਾਰ ਪੰਜਾਬੀ ਨੌਜਵਾਨ ਆਰਮੇਨੀਆ ਵਿੱਚ ਫਸ ਗਏ ਹਨ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਨੌਜਵਾਨਾਂ ਨੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਪੰਜਾਬ ਲਿਆਂਦਾ ਜਾਵੇ।

ਵੀਡੀਓ ਵਿੱਚ ਭੁਲੱਥ ਹਲਕੇ ਦਾ ਸ਼ਮਸ਼ੇਰ ਸਿੰਘ ਤੇ ਉਸ ਦੀ ਪਤਨੀ ਪਿੰਕੀ, ਅੰਮ੍ਰਿਤਸਰ ਦਾ ਜਤਿੰਦਰ ਸਿੰਘ ਤੇ ਇੱਕ ਨੌਜਵਾਨ ਹੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ਵਿੱਚ ਏਜੰਟਾਂ ਨੇ ਵਰਕ ਵੀਜ਼ਾ ਦਾ ਲਾਰਾ ਲਾ ਕੇ ਟੂਰਿਸਟ ਵੀਜ਼ਾ 'ਤੇ ਆਰਮੇਨੀਆ ਭੇਜ ਦਿੱਤਾ ਸੀ। ਇਸ ਬਦਲੇ ਏਜੰਟਾਂ ਨੇ ਉਨ੍ਹਾਂ ਤੋਂ ਚਾਰ-ਚਾਰ ਲੱਖ ਰੁਪਏ ਵਸੂਲੇ ਸਨ। ਇੱਥੇ ਆ ਕੇ ਉਹ ਫਸ ਗਏ ਹਨ, ਉਨ੍ਹਾਂ ਕੋਲ ਨਾ ਕੰਮ ਹੈ ਤੇ ਨਾ ਹੀ ਕੁਝ ਖਾਣ ਨੂੰ।

ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਪੈਰਵੀ ਕਰ ਰਹੇ ਹਨ। ਮਾਨ ਨੇ ਕੁਝ ਸਮਾਂ ਪਹਿਲਾਂ ਇਹ ਵੀ ਸੂਚਨਾ ਦਿੱਤੀ ਕਿ ਉਕਤ ਨੌਜਵਾਨਾਂ ਬਾਰੇ ਭਾਰਤੀ ਸਫਾਰਤਖਾਨੇ ਨਾਲ ਗੱਲਬਾਤ ਹੋ ਗਈ ਹੈ ਅਤੇ ਅੰਬੈਸੀ ਇਨ੍ਹਾਂ ਨੂੰ ਖਾਣੇ ਦੇ ਨਾਲ-ਨਾਲ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਜਲਦ ਹੀ ਵਿਦੇਸ਼ ਮੰਤਰਾਲਾ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਦੀ ਵਤਨ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਕਰਵਾਉਣਗੇ।


ਪੀੜਤਾਂ ਨੇ ਵੀਡੀਓ ਵਿੱਚ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਉਨ੍ਹਾਂ ਕੁਝ ਨਹੀਂ ਖਾਧਾ ਤੇ ਉਨ੍ਹਾਂ ਪੱਲੇ ਕੋਈ ਪੈਸਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਕਾਨ ਮਾਲਕ ਨੇ ਉਨ੍ਹਾਂ ਨੂੰ ਕਮਰਾ ਖਾਲੀ ਕਰਨ ਲਈ ਵੀ ਕਹਿ ਦਿੱਤਾ ਹੈ।

ਸ਼ਮਸ਼ੇਰ ਸਿੰਘ ਦੇ ਕਪੂਰਥਲਾ ਰਹਿੰਦੇ ਭਰਾ ਜਗਦੀਪ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਆਪਣੇ ਦੋਸਤ ਗੁਰਦੀਪ ਰਾਹੀਂ ਆਰਮੇਨੀਆ ਦੇ ਏਜੰਟ ਨਾਲ ਮਿਲਿਆ ਸੀ। ਉਸ ਨੇ ਦੱਸਿਆ ਕਿ ਸ਼ਮਸ਼ੇਰ ਤੇ ਉਸ ਦੀ ਪਤਨੀ ਨੂੰ ਉੱਥੇ ਕੰਮਕਾਜੀ ਵੀਜ਼ਾ 'ਤੇ ਭੇਜਣ ਲਈ ਉਨ੍ਹਾਂ ਚਾਰ ਲੱਖ ਰੁਪਏ ਦਿੱਤੇ ਸਨ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਭਰਾ-ਭਰਜਾਈ ਪਿਛਲੇ ਦੋ ਮਹੀਨਿਆਂ ਤੋਂ ਫਸੇ ਹੋਏ ਹਨ, ਪਰ ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਹੀ ਸ਼ਿਕਾਇਤ ਦਰਜ ਕੀਤੀ ਹੈ।

ਭੁਲੱਥ ਦੇ ਡੀਐਸਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਦੋ ਟ੍ਰੈਵਲ ਏਜੰਟਾਂ ਖ਼ਿਲਾਫ਼ ਧੋਖਾਧੜੀ ਤੇ ਮਨੁੱਖੀ ਤਸਕਰੀ ਰੋਕੂ ਕਾਨੂੰਨ ਤਹਿਤ ਦੋ ਐਫਆਈਆਰ ਦਰਜ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਏਜੰਟ ਆਰਮੇਨੀਆ ਰਹਿੰਦਾ ਹੈ ਤੇ ਇੱਥੇ ਵੱਸਦਾ ਦੂਜਾ ਏਜੰਟ ਫਰਾਰ ਚੱਲ ਰਿਹਾ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੇਖੋ ਆਰਮੇਨੀਆ ਫਸੇ ਹੋਏ ਨੌਜਵਾਨਾਂ ਦੀ ਵੀਡੀਓ-