ਲਾਹੌਰ: ਪਾਕਿਸਤਾਨੀ ਕਲਾਕਾਰ ਕਿਸਮਤ ਬੇਗ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਮੰਨੇ ਜਾ ਰਹੇ ਰਾਣਾ ਮੁਜਾਮਿਲ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਾਹੌਰ ਪੁਲਿਸ ਮੁਤਾਬਕ ਬੇਗ ਦੇ ਮੋਬਾਈਲ ਫੋਨ ਤੋਂ ਮਿਲੇ ਸਬੂਤਾਂ ਦੇ ਅਧਾਰ 'ਤੇ ਇਨ੍ਹਾਂ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਲਾਹੌਰ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ,"ਅਸੀਂ ਮੁੱਖ ਮੁਲਜ਼ਮ ਰਾਣਾ ਮੁਜਾਮਿਲ ਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੇਗ ਨੇ ਮੁਜਾਮਿਲ ਨਾਲ ਆਪਣੇ ਸਬੰਧ ਖਤਮ ਕਰ ਲਏ ਸਨ ਜਿਸ ਤੋਂ ਬਾਅਦ ਉਸ ਨੇ ਆਪਣੇ ਸਹਿਯੋਗੀਆਂ ਨੂੰ ਬੇਗ ਦੇ ਕਤਲ ਦਾ ਜਿੰਮਾ ਸੋਂਪਿਆ ਸੀ।" ਪੁਲਿਸ ਮੁਤਾਬਕ ਮੁਜਾਮਿਲ ਦਾ ਦਾਅਵਾ ਹੈ ਕਿ ਉਸ ਨੇ ਬੇਗ ਦਾ ਕਰੀਅਰ ਬਣਾਉਣ ਲਈ ਉਸ 'ਤੇ ਕਾਫੀ ਖਰਚ ਵੀ ਕੀਤਾ ਸੀ।
ਜਾਣਕਾਰੀ ਮੁਤਾਬਕ ਕਿਸਮਤ ਬੇਗ ਦਾ ਕਤਲ ਕਰਨ ਮਗਰੋਂ ਮੁਲਜ਼ਮਾਂ ਨੇ ਮੁਜਾਮਿਲ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਸੀ। ਪਾਕਿਸਤਾਨੀ ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਸ਼ੱਕੀ ਮੁਲਜ਼ਮ ਵੀ ਅਦਾਕਾਰੀ ਦੀ ਦੁਨੀਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਸ਼ੱਕੀਆਂ ਨੂੰ ਫੈਸਲਾਬਾਦ ਤੇ ਗੁੱਜਰਾਂਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।