ਵਾਸ਼ਿੰਗਟਨ: ਅਮਰੀਕਾ ’ਚ ਕੋਰੋਨਾ ਨੇ ਗੰਭੀਰ ਰੂਪ ਧਾਰ ਲਿਆ ਹੈ। ਹੁਣ ਤੱਖ 20,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 40 ਤੋਂ ਵੱਧ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਮੂਲ ਦੇ 1500 ਤੋਂ ਵੱਧ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਉਂਝ ਇਹ ਅੰਕੜਾ ਵੱਧ ਹੋ ਸਕਦਾ ਹੈ ਕਿਉਂਕਿ ਦੇਸ਼ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਬਾਰੇ ਸੀਰੇ ਸੂਬਿਆਂ ਵਿੱਚੋਂ ਸਹੀ ਰਿਪੋਰਟ ਨਹੀਂ ਪਹੁੰਚ ਰਹੀ।


ਇਸ ਵੇਲੇ ਅਮਰੀਕਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿੱਥੇ ਇੱਕ ਦਿਨ ’ਚ ਦੋ ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਨਾਲ ਭਾਰਤੀਆਂ ਅੰਦਰ ਵੀ ਸਹਿਮ ਦਾ ਮਾਹੌਲ ਹੈ ਕਿਉਂਕਿ ਵੱਡੀ ਗਿਣਤੀ ਭਾਰਤੀ ਲੋਕ ਅਮਰੀਕਾ ਵਿੱਚ ਰਹਿੰਦੇ ਹਨ। ਭਾਰਤ ਵਿੱਚ ਰਹਿੰਦੇ ਲੋਕਾਂ ਨੂੰ ਅਮਰੀਕਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੀ ਜ਼ਿਆਦਾ ਚਿੰਤਾ ਹੈ।

ਹਾਸਲ ਜਾਣਕਾਰੀ ਮੁਤਾਬਕ ਨਿਊਯਾਰਕ ਤੇ ਨਿਊਜਰਸੀ ’ਚ ਭਾਰਤੀ-ਅਮਰੀਕੀਆਂ ਦੀ ਆਬਾਦੀ ਸਭ ਤੋਂ ਵੱਧ ਹੈ। ਕਰੋਨਾਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ’ਚ ਘੱਟ ਤੋਂ ਘੱਟ 17 ਵਿਅਕਤੀ ਕੇਰਲਾ ਤੋਂ ਸੀ। ਇਸ ਤੋਂ ਇਲਾਵਾ ਗੁਜਰਾਤ ਦੇ 10, ਪੰਜਾਬ ਦੇ 4, ਆਂਧਰਾ ਪ੍ਰਦੇਸ਼ ਦੇ ਦੋ ਤੇ ਉੜੀਸਾ ਦਾ ਇੱਕ ਵਿਅਕਤੀ ਵੀ ਸ਼ਾਮਲ ਸੀ। ਇਨ੍ਹਾਂ ’ਚ ਵੱਧ ਉਮਰ ਵਾਲਾ ਵਿਅਕਤੀ 60 ਸਾਲ ਦਾ ਸੀ ਜਦਕਿ ਇੱਕ ਮਰੀਜ਼ ਦੀ ਉਮਰ 21 ਸਾਲ ਸੀ।

ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਤੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਨਿਊਜਰਸੀ ’ਚ ਇੱਕ ਦਰਜਨ ਤੋਂ ਵੱਧ ਭਾਰਤੀ ਅਮਰੀਕੀਆਂ ਦੀ ਜਾਨ ਗਈ ਹੈ। ਇਨ੍ਹਾਂ ’ਚੋਂ ਵਧੇਰੇ ਜਰਸੀ ਸਿਟੀ ਤੇ ਓਕ ਟ੍ਰੀ ਰੋਡ ਦੇ ਲਿਟਲ ਇੰਡੀਆ ਇਲਾਕੇ ਨਾਲ ਸਬੰਧਤ ਸੀ। ਇਸੇ ਤਰ੍ਹਾਂ ਨਿਊ ਯਾਰਕ ’ਚ ਵੀ ਘੱਟ ਤੋਂ ਘੱਟ 15 ਭਾਰਤੀ-ਅਮਰੀਕੀਆਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ ਹੈ। ਪੈਨਸਿਲਵੇਨੀਆ ਤੇ ਫਲੋਰੀਡਾ ’ਚ ਚਾਰ ਭਾਰਤੀਆਂ ਦੀ ਮੌਤ ਦੀ ਖ਼ਬਰ ਆਈ ਹੈ। ਟੈਕਸਾਸ ਤੇ ਕੈਲੀਫੋਰਨੀਆ ’ਚ 1-1 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ।