ਪੁਲਾਓ ਯੂਜੋਂਗ: ਸਿੰਗਾਪੁਰ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਹੈ ਕਿ ਉੱਥੇ ਸਿੰਗਾਪੁਰ ਵਿੱਚ ਭਾਰਤੀ ਮੂਲ ਦੇ 4,800 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਕਾਮੇ ਹਨ ਤੇ ਉਹ ਡੋਰਮੈਟ੍ਰੀਜ਼ ਵਿੱਚ ਰਹਿੰਦੇ ਹਨ।
ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਦੱਸਿਆ ਕਿ ਤਕਰੀਬਨ ਸਾਰੇ ਭਾਰਤੀਆਂ ਨੂੰ ਮੱਧ ਪੱਧਰ ਦੀ ਲਾਗ ਹੈ ਤੇ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਵੀ ਆ ਰਿਹਾ ਹੈ। ਇਸ ਸਮੇਂ ਭਾਰਤੀ ਹਾਈ ਕਮਿਸ਼ਨ ਨਾਲ ਵਿਦਿਆਰਥੀਆਂ ਸਮੇਤ 3,500 ਤੋਂ ਵੱਧ ਭਾਰਤੀ ਨਾਗਰਿਕ ਰਜਿਸਟਰਡ ਹਨ, ਜਿਨ੍ਹਾਂ ਨੂੰ ਭੋਜਨ, ਰਹਿਣ ਲਈ ਥਾਂ ਆਦਿ ਸਬੰਧੀ ਸਹਾਇਤਾ ਮਿਲ ਰਹੀ ਹੈ।
ਇਨ੍ਹਾਂ ਵਿੱਚ ਸੈਲਾਨੀ, ਕਾਰੋਬਾਰੀ, ਪਰਿਵਾਰਾਂ ਨੂੰ ਮਿਲਣ ਆਏ ਵਿਅਕਤੀ ਜਾਂ ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ 55 ਪੁਜਾਰੀ ਵੀ ਇੱਥੇ ਫਸੇ ਹੋਏ ਹਨ, ਜੋ ਕਿਸੇ ਧਾਰਮਿਕ ਸਮਾਗਮ ਦਾ ਹਿੱਸਾ ਬਣਨ ਲਈ ਇੱਥੇ ਆਏ ਸਨ। ਇਨ੍ਹਾਂ ਭਾਰਤੀਆਂ ਨੇ ਆਪਣੇ ਘਰ ਪਰਤਣ ਦੀ ਇੱਛਾ ਵੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ: ਪੰਜਾਬ ਲਈ ਖ਼ਤਰੇ ਦੀ ਘੰਟੀ! ਕੈਪਟਨ ਸਰਕਾਰ ਨੂੰ ਕੋਰੋਨਾ ਖਿਲਾਫ ਲੜਨੀ ਪਏਗੀ ਲੰਬੀ ਲੜਾਈ
ਉਨ੍ਹਾਂ ਦੱਸਿਆ ਕਿ ਤੰਗ ਥਾਵਾਂ ‘ਤੇ ਸੰਘਣੀ ਵਸੋਂ ਕਾਰਨ ਭਾਰਤੀ ਕਾਮਿਆਂ ਨੂੰ ਇਸ ਵਾਇਰਸ ਦੀ ਲਾਗ ਲੱਗੀ ਹੈ। ਕੋਰੋਨਾਵਾਇਰਸ ਕਾਰਨ ਇੱਥੇ ਹੁਣ ਤਕ ਦੋ ਭਾਰਤੀਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਅਸ਼ਰਫ ਨੇ ਦੱਸਿਆ ਕਿ ਇਸ ਸਮੇਂ ਦੇਸ਼ ਵਿੱਚ ਟੈਸਟਿੰਗ ਜੰਗੀ ਪੱਧਰ ‘ਤੇ ਜਾਰੀ ਹੈ। ਅਪ੍ਰੈਲ ਮਹੀਨੇ ਦੇ ਅੰਤ ਤਕ ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਨਾਲ ਕੁੱਲ 18,205 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਤੇ ਹੁਣ ਤਕ ਪੂਰੇ ਦੇਸ਼ ਵਿੱਚ ਸਿਰਫ 18 ਮੌਤਾਂ ਹੋਈਆਂ ਹਨ।