Daylesford pub crash (ਮੈਲਬਰਨ) ਆਸਟ੍ਰੇਲੀਆ ਵਿਚ ਇਕ ਦਰਦਨਾਕ ਹਾਦਸੇ ਦੌਰਾਨ ਦੋ ਭਾਰਤੀ ਮੂਲ ਦੇ ਪਰਿਵਾਰਾਂ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੈਲਬਰਨ ਤੋਂ ਤਕਰੀਬਨ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ਵਿਚ ਬੈਠੇ ਦਰਜਨਾਂ ਲੋਕਾਂ 'ਤੇ ਅਚਾਨਕ ਇਕ ਬੇਕਾਬੂ ਕਾਰ ਚੜ੍ਹ ਗਈ।


ਹਾਦਸੇ ਦੌਰਾਨ ਮੌਕੇ 'ਤੇ ਹੀ ਪੰਜ ਜਣਿਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚ ਪ੍ਰਤਿਭਾ ਸ਼ਰਮਾ, ਉਸ ਦੇ ਪਤੀ ਜਤਿਨ ਚੁੱਘ ਅਤੇ 9 ਸਾਲ ਦੀ ਬੇਟੀ ਅਨਵੀ ਤੋਂ ਇਲਾਵਾ ਵਿਵੇਕ ਭਾਟੀਆ ਅਤੇ ਉਸ ਦਾ ਵੱਡਾ ਲੜਕਾ ਸ਼ਾਮਲ ਹਨ ਜਦਕਿ ਵਿਵੇਕ ਦੀ ਪਤਨੀ ਰੁਚੀ ਭਾਟੀਆ ਅਤੇ ਛੇ ਸਾਲ ਦਾ ਬੇਟਾ ਅਬੀਰ ਜ਼ਖਮੀ ਹੋ ਗਏ।



 ਪ੍ਰਤਿਭਾ ਸ਼ਰਮਾ ਆਪਣੇ ਪਤੀ ਨਾਲ ਪੁਆਇੰਟ ਕੁਕ ਵਿਖੇ ਰਹਿ ਰਹੀ ਸੀ ਅਤੇ ਛੁੱਟੀਆਂ ਮਨਾਉਣ ਡੇਲਜ਼ਫਰਡ ਕਸਬੇ ਵਿਚ ਆਈ ਹੋਈ ਸੀ। ਪ੍ਰਤਿਭਾ ਸ਼ਰਮਾ ਨੇ ਪਿਛਲੇ ਸਮੇਂ ਦੌਰਾਨ ਸੁਬਾਈ ਚੋਣਾਂ ਅਤੇ ਸਿਟੀ ਕੌਂਸਲ ਚੋਣਾਂ ਵੀਂ ਲੜੀਆਂ ਸਨ। ਦੂਜੇ ਪਾਸੇ ਟਾਰਨੇਟ ਦਾ 38 ਸਾਲਾ ਵਿਵੇਕ ਭਾਟੀਆ ਵੀ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਆਇਆ ਹੋਇਆ ਸੀ। 



ਹਾਦਸੇ ਦੌਰਾਨ ਵਿਵੇਕ ਭਾਟੀਆ ਅਤੇ ਉਸ ਦੇ 11 ਸਾਲ ਬੇਟੇ ਵਿਹਾਨ ਦੀ ਮੌਤ ਹੋ ਗਈ। ਰਾਯਲ ਡੇਲਜ਼ਫਰਡ ਹੋਟਲ ਦੇ ਸਰਪ੍ਰਸਤ ਐਂਥਨੀ ਫਰਾਂਸਿਸ ਨੇ ਭਰੇ ਮਨ ਨਾਲ ਕਿਹਾ ਕਿ ਜਿਥੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉਥੇ ਹਰ ਪਾਸੇ ਖੂਨ ਹੀ ਖੂਨ ਨਜ਼ਰ ਆਉਣ ਲੱਗਾ। ਹਾਦਸੇ ਦੌਰਾਨ 11 ਮਹੀਨੇ ਦਾ ਇਕ ਬੱਚਾ ਚਮਤਕਾਰੀ ਤਰੀਕੇ ਨਾਲ ਬਚ ਗਿਆ ਜਦਕਿ ਦੋ ਹੋਰਨਾਂ ਜ਼ਖਮੀਆਂ ਦੀ ਹਾਲਤ ਵੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।