Australia Indian family: ਆਸਟ੍ਰੇਲੀਆ ਤੋਂ ਭਾਰਤ ਲਈ ਦੁੱਖ ਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪੱਬ ਦੇ ਬਾਹਰ ਇੱਕ ਡਾਈਨਿੰਗ ਏਰੀਏ ਵਿੱਚ ਇੱਕ ਕਾਰ ਟਕਰਾ ਗਈ। ਇਹ ਹਾਦਸਾ ਇੰਨਾ ਖਤਰਨਾਕ ਸੀ ਕਿ ਜਿਸ ਕਰਕੇ 5 ਭਾਰਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ ਨੂੰ ਮੈਲਬੌਰਨ ਦੇ ਉੱਤਰ-ਪੱਛਮ 'ਚ ਡੇਲਸਫੋਰਡ ਦੇ ਪੇਂਡੂ ਖੇਤਰ 'ਚ ਸਥਿਤ ਭੀੜ-ਭੜੱਕੇ ਵਾਲੇ ਰਾਇਲ ਡੇਲਸਫੋਰਡ ਹੋਟਲ ਦੇ 'ਬੀਅਰ ਗਾਰਡਨ' 'ਚ ਵਾਪਰਿਆ। BMW SUV ਦੇ 66 ਸਾਲਾ ਡਰਾਈਵਰ ਨੂੰ ਘਟਨਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਵਿਕਟੋਰੀਆ ਪੁਲਿਸ ਦੇ ਚੀਫ਼ ਕਮਿਸ਼ਨਰ ਸ਼ੇਨ ਪੈਟਨ ਨੇ ਕਿਹਾ ਕਿ ਘਟਨਾ ਵਿੱਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਪੁਲਿਸ ਦੀ ਨਿਗਰਾਨੀ ਹੇਠ ਹੈ।



ਮਿਲੀ ਜਾਣਕਾਰੀ ਮੁਤਾਬਕ ਵਿਕਟੋਰੀਆ ਦੇ ਖੇਤਰੀ ਕਸਬੇ ਡੇਲੇਸਫੋਰਡ ਵਿੱਚ ਸਥਿਤ ਰੋਇਲ ਹੋਟਲ ਵਿੱਚ ਐਤਵਾਰ ਦੀ ਸ਼ਾਮ ਨੂੰ ਪ੍ਰਤਿਭਾ ਸ਼ਰਮਾ, ਉਸਦਾ ਪਤੀ ਜਤਿਨ ਚੁੱਘ ਅਤੇ ਉਹਨਾਂ ਦੀ ਧੀ ਅਨਵੀ ਬੈਠੇ ਸਨ। ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਖੁਸ਼ਨੁਮਾ ਪਲ ਬਿਤਾ ਰਹੇ ਸੀ ਕਿ ਅਚਾਨਕ ਇੱਕ ਤੇਜ਼ ਰਫਤਾਰ ਵਿੱਚ ਆ ਰਹੀ ਚਿੱਟੇ ਰੰਗ ਦੀ BMW ਕਾਰ ਬਾਹਰੀ ਮੇਜ਼ਾਂ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪ੍ਰਤਿਭਾ ਸ਼ਰਮਾ ਅਤੇ ਜਤਿਨ ਚੁੱਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਹਨਾਂ ਦੀ 9 ਸਾਲਾ ਧੀ ਅਨਵੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ।


ਜ਼ਿਕਰਯੋਗ ਹੈ ਕਿ ਮਰਹੂਮ ਪ੍ਰਤਿਭਾ ਸ਼ਰਮਾ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਸੀ। ਪ੍ਰਤਿਭਾ ਸ਼ਰਮਾ ਵਲੋਂ ਬੀਤੀਆਂ ਕੌਂਸਲ ਅਤੇ ਰਾਜ ਪੱਧਰੀ ਚੋਣਾਂ 'ਚ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ ਤੋਂ ਇਲਾਵਾ ਉਹ ਜਸਟਿਸ ਆਫ ਪੀਸ ਅਤੇ ਮਾਈਗ੍ਰੇਸ਼ਨ ਏਜੰਟ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦਾ ਦੋਸਤ ਵਿਵੇਕ ਭਾਟੀਆ ਅਤੇ ਉਸਦਾ 11 ਸਾਲਾ ਪੁੱਤਰ ਵਿਹਾਨ ਵੀ ਜਾਨ ਗੁਆ ਗਏ।


ਇਸ ਹਾਦਸੇ ਵਿੱਚ ਭਾਟੀਆ ਦੀ ਪਤਨੀ ਅਤੇ ਦੂਜਾ ਪੁੱਤਰ, ਦੋਵੇਂ ਜ਼ਖ਼ਮੀ ਹੋ ਗਏ। ਛੇ ਸਾਲ ਦਾ ਬੱਚਾ ਸ਼ੁਰੂ ਵਿੱਚ ਟੁੱਟੀਆਂ ਲੱਤਾਂ ਅਤੇ ਅੰਦਰੂਨੀ ਸੱਟਾਂ ਨਾਲ ਗੰਭੀਰ ਹਾਲਤ ਵਿੱਚ ਸੀ ਪਰ ਬਾਅਦ ਵਿੱਚ ਸਥਿਰ ਹੋ ਗਿਆ ਹੈ। ਇਸ ਦਿਲ ਕੰਬਾਊ ਹਾਦਸੇ ਕਾਰਨ ਪੂਰੇ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਹੈ। ਇਸ ਘਟਨਾ ਤੇ ਆਸਟ੍ਰੇਲੀਆ ਦੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।