ਬੈਰੂਤ- ਉੱਤਰੀ ਸੀਰੀਆ 'ਚ ਕੁਰਦ ਦੇ ਕਬਜ਼ੇ ਵਾਲੇ ਅਫ਼ਰੀਨ 'ਚੋਂ ਕੁਰਦਿਸ਼ ਲੜਾਕਿਆਂ ਨੂੰ ਖਦੇੜਨ ਲਈ ਤੁਰਕੀ ਵਲੋਂ ਸ਼ੁਰੂ ਕੀਤੀ ਸੈਨਿਕ ਮੁਹਿੰਮ 'ਚ 54 ਲੜਾਕਿਆਂ ਦੀ ਮੌਤ ਹੋ ਗਈ। ਇਸ ਵਿਚ 26 ਕੁਰਦਿਸ਼ ਲੜਾਕੇ ਹਨ ਜਦੋਂ ਕਿ 19 ਹੋਰ ਪ੍ਰੋ-ਅੰਕਾਰਾ ਬਾਗੀ ਸ਼ਾਮਿਲ ਹਨ। ਬਰਤਾਨੀਆ ਦੀ ਮਨੁੱਖੀ ਅਧਿਕਾਰ ਸੰਸਥਾ 'ਸੀਰੀਅਨ ਅਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ' ਦੇ ਮੁਤਾਬਕ ਤੁਰਕੀ ਅਤੇ ਸੀਰੀਆ ਵਿਚਾਲੇ ਸਰਹੱਦੀ ਇਲਾਕਿਆਂ 'ਚੋਂ ਕੁਰਦਿਸ਼ ਲੜਾਕਿਆਂ ਨੂੰ ਖਦੇੜਨ ਲਈ ਸਨਿਚਰਵਾਰ ਨੂੰ ਕੀਤੇ ਗਏ ਹਵਾਈ ਹਮਲੇ ਅਤੇ ਐਤਵਾਰ ਨੂੰ ਕੀਤੇ ਗਏ ਜ਼ਮੀਨੀ ਹਮਲੇ 'ਚ ਅਫ਼ਰੀਨ ਅਤੇ ਨੇੜਲੇ ਪਿੰਡਾਂ 'ਚ ਮੌਤਾਂ ਹੋਈਆਂ। ਕੁਰਦਿਸ਼ ਕਾਰਜਕਰਤਾਵਾਂ ਅਨੁਸਾਰ ਅਫ਼ਰੀਨ 'ਚ ਐਤਵਾਰ ਨੂੰ ਤੁਰਕੀ ਦੇ ਹਮਲੇ 'ਚ ਮਾਰੇ ਗਏ 11 ਲੋਕਾਂ 'ਚ 6 ਬੱਚੇ ਅਤੇ ਔਰਤਾਂ ਵੀ ਹਨ, ਜਦਕਿ ਹਮਲੇ 'ਚ 16 ਲੋਕ ਜ਼ਖ਼ਮੀ ਵੀ ਹੋਏ ਹਨ। ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਐਤਵਾਰ ਨੂੰ ਕਿਹਾ ਕਿ ਅਫ਼ਰੀਨ 'ਤੇ ਤੁਰਕੀ ਦੇ ਗੁੱਸੇ ਨੂੰ ਤੁਰਕੀ ਦੀਆਂ ਨੀਤੀਆਂ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਤੁਰਕੀ ਦੀਆਂ ਇਹ ਨੀਤੀਆਂ ਸੀਰੀਆ 'ਚ ਅੱਤਵਾਦ ਅਤੇ ਅੱਤਵਾਦੀ ਸਮੂਹਾਂ ਦੇ ਸਹਿਯੋਗ ਦੇਣ ਲਈ ਸੀਰੀਆਈ ਸੰਕਟ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਲਾਗੂ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਈਪ ਇਰਦੇਗਨ ਨੇ ਐਤਵਾਰ ਨੂੰ ਕਿਹਾ ਕਿ ਅਫ਼ਰੀਨ 'ਚ ਸੈਨਿਕ ਮੁਹਿੰਮ ਥੋੜ੍ਹੇ ਸਮੇਂ 'ਚ ਹੀ ਸਮਾਪਤ ਹੋ ਜਾਵੇਗਾ। ਉਨ੍ਹਾਂ ਨੇ ਸੈਨਿਕ ਮੁਹਿੰਮ ਨੂੰ ਰਾਸ਼ਟਰੀ ਸੰਘਰਸ਼ ਦੱਸਿਆ।