ਵਾਸ਼ਿੰਗਟਨ : ਅਮਰੀਕਾ 'ਚ ਸੋਮਵਾਰ ਨੂੰ ਸ਼ੱਟਡਾਊਨ ਦਾ ਤੀਜਾ ਦਿਨ ਹੋ ਗਿਆ ਹੈ। ਇਸਨੂੰ ਖ਼ਤਮ ਕਰਨ ਲਈ ਸੰਸਦ ਮੈਂਬਰਾਂ 'ਚ ਸਮਝੌਤਾ ਨਹੀਂ ਹੋ ਸਕਿਆ। ਉਨ੍ਹਾਂ 'ਚ ਚੱਲੀ ਮੈਰਾਥਨ ਗੱਲਬਾਤ ਦੇ ਬਾਵਜੂਦ ਸੈਨੇਟ 'ਚ ਫੰਡਿੰਗ ਬਿੱਲ 'ਤੇ ਐਤਵਾਰ ਦੇਰ ਰਾਤ ਹੋਣ ਵਾਲਾ ਮਤਦਾਨ ਮੁਲਤਵੀ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਤੇ ਵਿਰੋਧੀ ਡੈਮੋਯੇਟਿਕ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਗੱਲਬਾਤ 'ਚ ਪ੍ਰਗਤੀ ਹੋਈ ਹੈ। ਸੈਨੇਟ 'ਚ ਤੈਅ ਮਤਦਾਨ ਹੋਰ 11 ਘੰਟੇ ਲਈ ਅੱਗੇ ਪਾ ਦਿੱਤਾ ਗਿਆ ਹੈ।
ਬਿੱਲ ਪਾਸ ਹੋਣ 'ਚ ਦੇਰੀ ਕਾਰਨ ਹਫ਼ਤੇ ਦੇ ਅੰਤ ਤੋਂ ਬਾਅਦ ਕੰਮਕਾਜ ਵਾਲੇ ਦਿਨਾਂ 'ਚ ਲੱਖਾਂ ਸੰਘੀ ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ ਦੇ ਛੁੱਟੀ 'ਤੇ ਰਹਿਣਾ ਪਵੇਗਾ। ਗੱਲਬਾਤ ਦੌਰਾਨ ਸੈਨੇਟ 'ਚ ਬਹੁਮਤ ਪਾਰਟੀ ਦੇ ਨੇਤਾ ਮਿੱਚ ਮੈਕੋਨੇਲ ਨੇ ਇਮੀਗ੍ਰੇਸ਼ਨ (ਨਾਜਾਇਜ਼ ਪਰਵਾਸੀਆਂ) ਵਰਗੇ ਪ੍ਰਮੁੱਖ ਮੁੱਦਿਆਂ 'ਤੇ ਡੈਮੋਯੇਟ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸੋਮਵਾਰ ਦੁਪਹਿਰ ਨੂੰ ਮਤਦਾਨ ਲਈ ਸੰਸਦ ਦੀ ਬੈਠਕ ਫਿਰ ਬੁਲਾਉਣ ਦੀ ਮੰਗ ਕੀਤੀ। ਡੈਮੋਯੇਟਿਕ ਪਾਰਟੀ ਦੇ ਪ੍ਰਮੁੱਖ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਸਰਕਾਰ ਦਾ ਕੰਮਕਾਜ ਫਿਰ ਸ਼ੁਰੂ ਕਰਨ ਲਈ ਚਰਚਾ ਜਾਰੀ ਰਹਿਣ ਦੀ ਖੁਸ਼ੀ ਹੈ ਪਰ ਸਮਝੌਤਾ ਹੋਣਾ ਹਾਲੇ ਬਾਕੀ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਸੈਨੇਟ 'ਚ ਆਪਣੀ ਪਾਰਟੀ ਦੇ ਨੇਤਾਵਾਂ ਨੂੰ 'ਨਿਊਕਲੀਅਰ ਆਪਸ਼ਨ' ਲਾਗੂ ਕਰਨ ਲਈ ਕਿਹਾ। ਇਸ ਪ੍ਰਕਿਰਿਆ ਤਹਿਤ ਸਦਨ ਦੇ ਨਿਯਮ ਬਦਲ ਕੇ 51 ਵੋਟਾਂ ਦੇ ਸਾਧਾਰਨ ਬਹੁਮਤ ਨਾਲ ਬਜਟ ਪਾਸ ਕੀਤਾ ਜਾ ਸਕਦਾ ਹੈ। ਪਰ ਸੈਨੇਟ ਦੇ ਨੇਤਾ ਇਸ 'ਤੇ ਚੌਕਸੀ ਵਰਤ ਰਹੇ ਹਨ ਕਿਉਂਕਿ ਅਗਲੀ ਵਾਰੀ ਹੋਰ ਪਾਰਟੀ ਦੇ ਬਹੁਮਤ 'ਚ ਹੋਣ 'ਤੇ ਫਿਰ ਇਸਦਾ ਇਸਤੇਮਾਲ ਹੋ ਸਕਦਾ ਹੈ।
ਇਸ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਸ਼ੱਟਡਾਊਨ ਖ਼ਤਮ ਕਰਨ ਲਈ ਅਸੀਂ ਮਿਹਨਤ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਮੈਕੋਨੇਲ ਅਤੇ ਸੈਨੇਟ 'ਚ ਬਹੁਮਤ ਪਾਰਟੀ ਦੇ ਵਿ੍ਹਪ ਜੌਨ ਕਾਰਨਿਨ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਵ੍ਹਾਈਟ ਹਾਊਸ ਦੇ ਵਿਧਾਨਕ ਮਾਮਲਿਆਂ ਦੇ ਡਾਇਰੈਕਟਰ ਮਾਰਕ ਸ਼ਾਰਟ ਦੋਵਾਂ ਪਾਰਟੀਆਂ ਦੇ ਨੇਤਾਵਾਂ ਨਾਲ ਸੰਪਰਕ ਵਿਚ ਹਨ।
ਇਸ ਦੌਰਾਨ ਸ਼ੱਟਡਾਊਨ 'ਤੇ ਹੋਏ ਸਿਆਸੀ ਧਰੁਵੀਕਰਨ ਦੇ ਬਾਅਦ ਸ਼ਨਿਚਰਵਾਰ ਨੂੰ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ 'ਚ ਹਜ਼ਾਰਾਂ ਲੋਕਾਂ ਨੇ ਟਰੰਪ ਤੇ ਉਨ੍ਹਾਂ ਦੀਆਂ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਟਰੰਪ ਤੇ ਡੈਮੋਯੇਟ ਦਰਮਿਆਨ ਸਿਆਸਤ ਦੇ ਰੁਪ ਨਾਲ ਉੱਠੇ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਸੈਨੇਟ ਨੇ ਪੈਂਡਿੰਗ ਬਿੱਲ ਖਾਰਜ ਕਰ ਦਿੱਤਾ ਸੀ। ਇਸ ਕਾਰਨ ਅਮਰੀਕਾ 'ਚ ਸ਼ੁੱਕਰਵਾਰ ਅੱਧੀ ਰਾਤ ਤੋਂ ਸ਼ੱਟਡਾਊਨ ਹੋ ਗਿਆ।