ਭੂਚਾਲ ਕਾਰਨ ਇੱਕ ਵਾਰੀ ਫਿਰ ਲੋਕ ਦਹਿਸਤ ਵਿੱਚ ਆ ਗਏ। ਦਰਅਸਲ, ਸੋਮਵਾਰ ਸਵੇਰੇ ਅਲਾਸਕਾ ਅਤੇ ਤਾਜਿਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ, ਤਾਜਿਕਿਸਤਾਨ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.6 ਦਰਜ ਕੀਤੀ ਗਈ, ਜਦਕਿ ਅਲਾਸਕਾ ਵਿੱਚ ਆਏ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਗੌਰਤਲਬ ਇਹ ਹੈ ਕਿ ਅਲਾਸਕਾ ਵਿੱਚ ਇੱਕ ਹੀ ਹਫ਼ਤੇ 'ਚ ਦੋ ਵਾਰੀ ਭਿਆਨਕ ਭੂਚਾਲ ਆ ਚੁੱਕੇ ਹਨ।
ਅਲਾਸਕਾ ਭੂਚਾਲ ਦੇ ਮਾਮਲੇ ਵਿੱਚ ਬਹੁਤ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਇੱਥੇ ਹੁਣ ਤੱਕ ਕਈ ਵਾਰੀ ਭਿਆਨਕ ਭੂਚਾਲ ਆ ਚੁੱਕੇ ਹਨ। ਸੋਮਵਾਰ ਸਵੇਰੇ ਕਰੀਬ 3:58 ਵਜੇ ਅਲਾਸਕਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 6.2 ਰਿਕਟਰ ਸਕੇਲ 'ਤੇ ਦਰਜ ਕੀਤੀ ਗਈ।
ਇਸ ਤੋਂ ਪਹਿਲਾਂ 17 ਜੁਲਾਈ ਨੂੰ ਅਲਾਸਕਾ ਵਿੱਚ 7.3 ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰਭਾਵਿਤ ਹੋਣਾ ਪਿਆ ਸੀ। ਹਾਲਾਂਕਿ, ਸੋਮਵਾਰ ਨੂੰ ਆਏ ਭੂਚਾਲ ਨਾਲ ਕਿਸੇ ਵੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ, ਜੋ ਕਿ ਰਾਹਤ ਵਾਲੀ ਗੱਲ ਹੈ।
ਭੂਚਾਲ ਦੇ ਬਾਅਦ ਸੁਨਾਮੀ ਦੀ ਚੇਤਾਵਨੀ
ਅਲਾਸਕਾ ਵਿੱਚ ਆਏ ਭੂਚਾਲ ਦੇ ਤੁਰੰਤ ਬਾਅਦ ਹੁਣ ਸੁਨਾਮੀ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਦਿ ਨਿਊਯਾਰਕ ਟਾਈਮਜ਼ ਦੀ ਇੱਕ ਖ਼ਬਰ ਮੁਤਾਬਕ, ਅਲਾਸਕਾ ਵਿੱਚ ਭੂਚਾਲ ਆਉਣ ਤੋਂ ਬਾਅਦ ਸਮੁੰਦਰ-ਕਿਨਾਰੇ ਦੇ ਕੁਝ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ ਦਿੱਤੀ ਗਈ ਹੈ, ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ।
ਭਾਰਤ ਵਿੱਚ ਵੀ ਕਈ ਥਾਵਾਂ 'ਤੇ ਆ ਚੁੱਕੇ ਹਨ ਭੂਚਾਲ
ਦੱਸਣਯੋਗ ਹੈ ਕਿ ਭਾਰਤ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। IANS ਦੀ ਰਿਪੋਰਟ ਮੁਤਾਬਕ, ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ 19 ਜੁਲਾਈ ਦੀ ਰਾਤ ਦੇਰ ਨਾਲ ਭੂਚਾਲ ਦੇ ਝਟਕੇ ਮਹਿਸੂਸ ਹੋਏ। ਧਰਤੀ ਹਿਲਦੇ ਹੀ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਏ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ, ਰਾਤ 12:02 ਵਜੇ 3.3 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਪਹਿਲਾਂ ਹਰਿਆਣਾ ਦੇ ਰੋਹਤਕ ਅਤੇ ਦਿੱਲੀ-ਐਨ.ਸੀ.ਆਰ. 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।