ਚੀਨ, ਜਿੱਥੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ, ਹੁਣ ਇੱਕ ਹੋਰ ਨਵੇਂ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ। ਇਸ ਵਾਰ ਮੱਛਰਾਂ ਰਾਹੀਂ ਫੈਲਣ ਵਾਲਾ 'CHIKV ਵਾਇਰਸ' (ਚਿਕਨਗੁਨਿਆ) ਚੀਨ ਦੇ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ।

ਇਸ ਸਥਿਤੀ ਦੇ ਮੱਦੇਨਜ਼ਰ ਚੀਨ ਦੇ ਸਿਹਤ ਮੰਤਰਾਲੇ ਨੂੰ ਐਮਰਜੈਂਸੀ ਮੁਹਿੰਮ ਚਲਾਉਣੀ ਪਈ ਹੈ। ਇਸ ਵਾਇਰਸ ਕਾਰਨ ਲੋਕਾਂ ਵਿੱਚ ਤੇਜ਼ ਬੁਖਾਰ ਅਤੇ ਜੋੜਾਂ ਵਿੱਚ ਦਰਦ ਵਰਗੇ ਲੱਛਣ ਸਾਹਮਣੇ ਆ ਰਹੇ ਹਨ।

ਹਾਂਗਕਾਂਗ ਵਿੱਚ ਵੀ ਜਾਰੀ ਹੋਇਆ ਅਲਰਟ

ਇਸ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਚੀਨ ਦੇ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਇਸ ਬਿਮਾਰੀ ਨੂੰ ਰੋਕਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਚੀਨ ਦੇ ਗੁਆਂਢੀ ਦੇਸ਼ ਹਾਂਗਕਾਂਗ ਵਿੱਚ ਵੀ ਇਸ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ, ਜਿਸ ਕਾਰਨ ਇਲਾਕੇ ਵਿੱਚ ਚਿੰਤਾ ਵੱਧ ਗਈ ਹੈ।

ਫੋਸ਼ਨ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਚਿਕਨਗੁਨਿਆ

ਚੀਨ ਦੀ ਮੀਡੀਆ scmp.com ਦੀ ਰਿਪੋਰਟ ਮੁਤਾਬਕ, ਦੱਖਣੀ ਚੀਨ ਦੇ ਫੋਸ਼ਨ ਸ਼ਹਿਰ ਵਿੱਚ ਚਿਕਨਗੁਨਿਆ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ।

ਚੀਨ ਦੇ ਸ਼ੁੰਡੇ ਇਲਾਕੇ ਦੀ ਸਥਾਨਕ ਸਿਹਤ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਚਿਕਨਗੁਨਿਆ ਦੇ ਕੇਸ ਸਾਹਮਣੇ ਆ ਰਹੇ ਹਨ। ਸਿਰਫ਼ ਇਸ ਇੱਕ ਇਲਾਕੇ ਵਿੱਚ ਸ਼ੁੱਕਰਵਾਰ ਤੱਕ 1,161 ਪੁਸ਼ਟੀਤ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

ਚੀਨ ਦੇ ਹੋਰ ਸ਼ਹਿਰਾਂ ਜਿਵੇਂ ਕਿ ਸ਼ੁੰਡੇ, ਲੇਸ਼ੌਂਗ, ਬਿਜੀਓ, ਚੇਨਕੂਨ, ਨਨਹਾਈ ਅਤੇ ਚਾਨਚੇਂਗ ਵਿੱਚ ਵੀ ਇਸ ਵਾਇਰਸ ਦੇ ਕੇਸ ਰਿਪੋਰਟ ਹੋਏ ਹਨ।

ਦੁਨੀਆ ਭਰ ਵਿੱਚ 2 ਲੱਖ ਤੋਂ ਵੱਧ ਚਿਕਨਗੁਨਿਆ ਮਾਮਲੇ

ਜੇਕਰ ਚਿਕਨਗੁਨਿਆ ਬੁਖਾਰ ਦੇ ਦੁਨੀਆ ਭਰ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਸਾਲ 2025 ਵਿੱਚ ਹੁਣ ਤੱਕ 2,20,000 ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ।

ਇਹ ਅੰਕੜੇ ਦੱਸਦੇ ਹਨ ਕਿ ਚਿਕਨਗੁਨਿਆ ਬੁਖਾਰ ਨੂੰ ਲੈ ਕੇ ਵਿਸ਼ਵ ਪੱਧਰ 'ਤੇ ਸਾਵਧਾਨੀ ਵਰਤਣ ਦੀ ਲੋੜ ਹੈ।

CHIKV ਵਾਇਰਸ ਕੀ ਹੈ?

ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਚਿਕਨਗੁਨਿਆ ਇੱਕ CHIKV ਵਾਇਰਸ ਹੈ ਜੋ ਮੱਛਰਾਂ ਰਾਹੀਂ ਫੈਲਦਾ ਹੈ।

ਇਸ ਵਾਇਰਸ ਕਾਰਨ ਸਰੀਰ ਦੇ ਜੋੜਾਂ ਵਿੱਚ ਤੇਜ਼ ਦਰਦ ਅਤੇ ਉੱਚ ਬੁਖਾਰ ਹੋ ਜਾਂਦਾ ਹੈ। ਕਈ ਵਾਰ ਇਹ ਬੁਖਾਰ ਅਤੇ ਦਰਦ ਇੰਨਾ ਵੱਧ ਜਾਂਦੇ ਹਨ ਕਿ ਮਰੀਜ਼ ਦੀ ਹਾਲਤ ਗੰਭੀਰ ਹੋ ਜਾਂਦੀ ਹੈ।

ਬਰਸਾਤ ਦੇ ਮੌਸਮ ਵਿੱਚ ਇਹ ਵਾਇਰਸ ਹੋਰ ਵੱਧ ਤੇਜ਼ੀ ਨਾਲ ਫੈਲਦਾ ਹੈ।

ਇਹ ਵੀ ਦੱਸਣਾ ਜਰੂਰੀ ਹੈ ਕਿ CHIKV ਵਾਇਰਸ ਮੁੱਖ ਤੌਰ 'ਤੇ ਮਾਦਾ ਮੱਛਰ ਰਾਹੀਂ ਫੈਲਦਾ ਹੈ।