ਨਵੀਂ ਦਿੱਲੀ: ਅਫ਼ਗਾਨਿਸਤਾਨ 'ਚ ਇੱਕ ਬਿਜਲੀ ਕੰਪਨੀ ਨਾਲ ਕੰਮ ਕਰਨ ਵਾਲੇ ਸੱਤ ਭਾਰਤੀਆਂ ਸਮੇਤ ਕੁੱਲ ਅੱਠ ਲੋਕਾਂ ਦੇ ਅਗ਼ਵਾ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਅਫ਼ਗਾਨਿਸਤਾਨ ਦੇ ਉੱਤਰੀ ਬਗ਼ਲਾਨ ਸੂਬੇ ਵਿੱਚ ਵਾਪਰੀ ਦੱਸੀ ਜਾਂਦੀ ਹੈ।


 

ਰਿਊਟਰਜ਼ ਦੀ ਖ਼ਬਰ ਮੁਤਾਬਕ ਉਕਤ ਛੇ ਭਾਰਤੀ ਮੁਲਾਜ਼ਮ ਸਥਾਨਕ ਚਾਲਕ ਨਾਲ ਕਿਤੇ ਜਾ ਰਹੇ ਸਨ ਤੇ ਉਨ੍ਹਾਂ ਨੂੰ ਕਿਸੇ ਬੰਦੂਕਧਾਰੀ ਨੇ ਅਗ਼ਵਾ ਕਰ ਲਿਆ।

ਉੱਧਰ ਢਾਕਾ ਟ੍ਰਿਬਿਊਨ ਮੁਤਾਬਕ ਬਗ਼ਲਾਨ ਦੇ ਪੁਲਿਸ ਜ਼ਬੀਹੁੱਲਾਹ ਸ਼ੂਜਾ ਨੇ ਸੱਤ ਭਾਰਤੀ ਇੰਜੀਨੀਅਰਾਂ ਦੇ ਅਗ਼ਵਾ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਸਰਕਾਰੀ ਬਿਜਲੀ ਘਰ ਵੱਲ ਮਿੰਨੀਬੱਸ ਰਾਹੀਂ ਜਾ ਰਹੇ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਅਫ਼ਗ਼ਾਨ ਡ੍ਰਾਈਵਰ ਸਮੇਤ ਕਿਡਨੈਪ ਕਰ ਲਿਆ ਹੈ। ਢਾਕਾ ਟ੍ਰਿਬਿਊਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀਆਂ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨਿਸਤਾਨ ਵਿੱਚ ਇਸ ਸਮੇਂ ਕੁੱਲ 150 ਭਾਰਤੀ ਇੰਜੀਨੀਅਰ ਤੇ ਤਕਨੀਕੀ ਮਾਹਰ ਕੰਮ ਕਰ ਰਹੇ ਹਨ।

ਉਕਤ ਮੁਲਾਜ਼ਮ ਕੇਈਸੀ ਇੰਟਰਨੈਸ਼ਨ ਲਿਮਟਿਡ ਕੰਪਨੀ ਵਿੱਚ ਬਿਜਲੀ ਦੇ ਟਾਵਰ ਸਥਾਪਤ ਕਰਨ ਦਾ ਕੰਮ ਕਰਦੇ ਸਨ। ਫਿਲਹਾਲ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਸ ਘਟਨਾ ਦੀ ਪੁਸ਼ਟੀ ਲਈ ਅਫ਼ਗਾਨਿਸਤਾਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮਾਮਲੇ ਦੀ ਅਜੇ ਪੂਰੀ ਜਾਂਚ ਹੋਣੀ ਬਾਕੀ ਹੈ। ਫਿਲਹਾਲ ਬਘਲਾਨ ਸੂਬੇ ਦੀ ਕੌਂਸਲ ਨੇ ਇਸ ਪਿੱਛੇ ਤਾਲਿਬਾਨ ਦਾ ਹੱਥ ਦੱਸਿਆ ਹੈ।