ਮਾਤਾਰਾਮ: ਇੰਡੋਨੇਸ਼ੀਆ ਦੇ ਲੋਮਬੋਕ ਟਾਪੂ 'ਚ ਕੱਲ੍ਹ ਜ਼ਬਰਦਸਤ ਭੂਚਾਲ ਨੇ ਦਸਤਕ ਦਿੱਤੀ। 7.0 ਤੀਬਰਤਾ ਵਾਲੇ ਇਸ ਭੂਚਾਲ 'ਚ ਹੁਣ ਤੱਕ 82 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਭੂਚਾਲ ਦੇ ਚੱਲਦਿਆਂ ਕਈ ਇਮਾਰਤਾਂ ਤੇ ਮਕਾਨ ਢਹਿ-ਢੇਰੀ ਹੋ ਗਏ।


ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਲੋਮਬੋਕ ਟਾਪੂ ਦੇ ਉੱਤਰੀ ਖੇਤਰ ਦੇ 10 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ। ਸੂਬੇ ਦੇ ਆਫਤ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਏਗੁੰਗ ਪਰਾਮੁਜਾ ਨੇ ਦੱਸਿਆ ਕਿ ਸ਼ੁਰੂਆਤ 'ਚ ਮਰਨ ਵਾਲਿਆਂ ਦੀ ਗਿਣਤੀ 37 ਸੀ ਜੋ ਵਧ ਕੇ 82 ਹੋ ਗਈ ਹੈ।
ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਜਿਸਨੂੰ ਬਾਅਦ 'ਚ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਲੀ 'ਚ ਵੀ ਕਈ ਘੰਟੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।


ਭੂਚਾਲ ਦੌਰਾਨ ਲੋਮਬੋਕ 'ਚ ਸਿੰਘਾਪੁਰ ਦੇ ਗ੍ਰਹਿ ਮੰਤਰੀ ਕੇ.ਸ਼ਾਨਮੂਗਮ ਨੇ ਆਪਣੇ ਫੇਸਬੁੱਕ 'ਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ 10ਵੀਂ ਮੰਜ਼ਿਲ ਦੇ ਹੋਟਲ ਦੇ ਕਮਰੇ ਦੀਆਂ ਕੰਧਾਂ 'ਚ ਭੂਚਾਲ ਕਾਰਨ ਤਰੇੜਾਂ ਪੈ ਗਈਆਂ ਸਨ। ਦੱਸ ਦੇਈਏ ਕਿ ਇਸ ਤੋਂ ਕਰੀਬ ਇਕ ਹਫਤਾ ਪਹਿਲਾਂ ਵੀ ਲੋਮਬੋਕ 'ਚ ਆਏ ਭੂਚਾਲ 'ਚ 12 ਲੋਕਾਂ ਦੀ ਮੌਤ ਹੋ ਗਈ ਸੀ।