Punjab News: ਕੁਝ ਮਹੀਨੇ ਪਹਿਲਾਂ ਪਰਥ ਦੇ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਨੂੰ ਜ਼ਮੀਨ ’ਤੇ ਸੁੱਟਣ ਤੇ ਅੰਗ ਪਾੜ ਕੇ ਟਾਇਲਟ ਵਿੱਚ ਸੁੱਟਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਵੱਲੋਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਸਥਾਨਕ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ।



ਵੀਜ਼ਾ ਰੱਦ ਕਰਕੇ ਦੇਸ਼ ਨਿਕਾਲੇ ਦੇ ਹੁਕਮ ਜਾਰੀ


ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 21 ਸਾਲਾ ਨੌਜਵਾਨ ਖਿਜ਼ਰ ਹਯਾਤ (Khizar Hayat) ਨੂੰ ਦੇਸ਼ ਨਿਕਾਲਾ (Deport) ਦੇਣ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਤੇ ਅਵਾਸ ਮੰਤਰੀ ਟੋਨੀ ਬਰਕ (Tony Burke ) ਨੇ ਵੀਜ਼ਾ ਰੱਦ ਕਰਕੇ ਉਸ ਨੂੰ ਅਵਾਸ ਨਜ਼ਰਬੰਦੀ (ਇੰਮੀਗ੍ਰੇਸ਼ਨ ਡਿਟੈਨਸ਼ਨ) ’ਚ ਰੱਖਣ ਦਾ ਹੁਕਮ ਦਿੱਤਾ ਹੈ ਜਿੱਥੋਂ ਉਸ ਨੂੰ ਜਲਦ ਹੀ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਫਿਲਹਾਲ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਹਯਾਤ ਨੂੰ ਕਿੱਥੇ ਡਿਪੋਰਟ ਕੀਤਾ ਜਾ ਰਿਹਾ ਹੈ, ਪਰ ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਪਾਕਿਸਤਾਨ ਨਾਲ ਸੰਬੰਧਤ ਹੈ। 



ਕੀ ਹੈ ਪੂਰਾ ਮਾਮਲਾ


ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹਯਾਤ ਨੇ ਪਰਥ ਦੇ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਨੂੰ ਜ਼ਮੀਨ ’ਤੇ ਸੁੱਟਿਆ, ਪੈਰਾਂ ਨਾਲ ਰੌਂਦਿਆ, ਅੰਗ ਪਾੜ ਕੇ ਟਾਇਲਟ ਵਿੱਚ ਸੁੱਟ ਦਿੱਤੇ ਤੇ ਉਸਨੂੰ ਅੱਗ ਨਾਲ ਸਾੜਨ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ ਸੀ  ਇਸ ਤੋਂ ਬਾਅਦ ਆਸਟ੍ਰੇਲੀਆ ਦੀ ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਪਰ ਬੇਅਦਬੀ ਬਾਬਤ ਕੋਈ ਸਖ਼ਤ ਕਾਨੂੰਨ ਨਾ ਹੋਣ ਕਰ ਕੇ ਅਦਾਲਤ ਵੱਲੋਂ ਦੋਸ਼ੀ ਨੁੰ ਸਿਰਫ਼ ਭਾਈਚਾਰਕ ਸੇਵਾ ਦੀ ਹੀ ਸਜ਼ਾ ਦੇਣ 'ਤੇ ਸਿੱਖ ਭਾਈਚਾਰਾ ਖੁਸ਼ ਨਹੀ ਸੀ ਜਿਸ ਬਾਬਤ ਸਿੱਖ ਭਾਈਚਾਰੇ ਨੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਸੂਬਾ ਸਰਕਾਰਾਂ ਸਮੇਤ ਕੇਂਦਰ ਸਰਕਾਰ ਤੇ ਵੀ ਦਬਾਅ ਬਣਾਇਆ ਜਿਸ ਦੇ ਚਲਦਿਆਂ ਗ੍ਰਹਿ ਤੇ ਆਵਾਸ ਮੰਤਰੀ ਟੋਨੀ ਬਰਕ ਨੇ ਇਹ ਫੈਸਲਾ ਸੁਣਾਇਆ ਤੇ ਕਿਹਾ ਕਿ ਦੋਸ਼ੀ ਦਾ ਵੀਜ਼ਾ ਰੱਦ ਕੀਤਾ ਜਾਂਦਾ ਹੈ