ਕਾਬੁਲ 'ਚ ਜ਼ਬਰਦਸਤ ਧਮਾਕਾ, 34 ਮੌਤਾਂ, 68 ਜ਼ਖ਼ਮੀ
ਏਬੀਪੀ ਸਾਂਝਾ | 01 Jul 2019 03:32 PM (IST)
ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ। ਇਸ ‘ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਤੇ 68 ਹੋਰ ਜ਼ਖ਼ਮੀ ਹੋ ਗਏ। ਖਬਰ ਏਜੰਸੀ ਸਿੰਹੂਆ ਨੇ ਦੱਸਿਆ ਕਿ ਅੱਤਵਾਦੀ ਪੁਲ-ਏ ਮਹਮੂਦ ਖ਼ਾਨ ‘ਚ ਬਣ ਰਹੀ ਇਮਾਰਤ ‘ਚ ਵੜ ਗਏ ਸੀ।
ਕਾਬੁਲ: ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ। ਇਸ ‘ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਤੇ 68 ਹੋਰ ਜ਼ਖ਼ਮੀ ਹੋ ਗਏ। ਖਬਰ ਏਜੰਸੀ ਸਿੰਹੂਆ ਨੇ ਦੱਸਿਆ ਕਿ ਅੱਤਵਾਦੀ ਪੁਲ-ਏ ਮਹਮੂਦ ਖ਼ਾਨ ‘ਚ ਬਣ ਰਹੀ ਇਮਾਰਤ ‘ਚ ਵੜ ਗਏ ਸੀ। ਹਾਲਾਤ ‘ਤੇ ਕਾਬੂ ਪਾਉਣ ਲਈ ਪਹੁੰਚੇ ਸੁਰੱਖਿਆ ਬਲਾਂ ਨਾਲ ਫਾਇਰਿੰਗ ਵੀ ਕੀਤੀ ਗਈ। ਇੱਕ ਚਸ਼ਮਦੀਦ ਮੁਤਾਬਕ, ਅੱਤਵਾਦੀਆਂ ਨੇ ਪਹਿਲਾਂ ਵਿਸਫੋਟਕ ਨਾਲ ਭਰੀ ਕਾਰ ‘ਚ ਧਮਾਕਾ ਕੀਤਾ ਤੇ ਫੇਰ ਗੋਲ਼ੀਬਾਰੀ ਸ਼ੁਰੂ ਕੀਤੀ। ਇਸ ਧਮਾਕੇ ਨਾਲ ਦੋ ਕਿਮੀ ਦੂਰ ਤਕ ਦੀਆਂ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ। ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤਕ ਕਿਸੇ ਅੱਤਵਾਦੀ ਗਰੁੱਪ ਨੇ ਨਹੀਂ ਲਈ। ਇਹ ਅੱਤਵਾਦੀ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨੀਆਂ ਤੇ ਅਮਰੀਕਾ ਦਾ ਵਫ਼ਦ 7ਵੇਂ ਦੌਰ ਦੀ ਗੱਲਬਾਤ ਕਰ ਰਿਹਾ ਹੈ। ਅਫ਼ਗ਼ਾਨਿਸਤਾਨ ‘ਚ ਸ਼ਾਂਤੀ ਵਾਰਤਾ ‘ਤੇ ਚਰਚਾ ਕਰਨ ਲਈ ਕਤਰ ‘ਚ ਬੈਠਕਾਂ ਦਾ ਦੌਰ ਜਾਰੀ ਹੈ। ਦੋਵੇਂ ਪੱਖ ‘ਚ ਕਰੀਬ ਦੋ ਦਹਾਕਿਆਂ ਤੋਂ ਜੰਗ ਜਾਰੀ ਹੈ ਜਿਸ ਨੂੰ ਖ਼ਤਮ ਕਰਨ ਦਾ ਰਸਤਾ ਤਲਾਸ਼ ਕੀਤਾ ਜਾ ਰਿਹਾ ਹੈ। ਹੁਣ ਤਕ ਤਾਲਿਬਾਨ ਨੇ ਅਫ਼ਗਾਨ ਸਰਕਾਰ ਨਾਲ ਗੱਲਬਾਤ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਫ਼ਗ਼ਾਨਿਸਤਾਨ ‘ਚ ਅੱਤਵਾਦੀ ਹਮਲਾ ਹੋਇਆ ਸੀ। ਨਾਰਦਨ ਬਾਘਲਾਨ ਪ੍ਰਾਂਤ ਦੇ ਨਾਹਰੀਨ ‘ਚ ਹੋਏ ਅੱਤਵਾਦੀ ਹਮਲੇ ‘ਚ ਅਫਗਾਨ ਸਿਕਉਰਟੀ ਫੋਰਸ ਦੇ 26 ਜਵਾਨਾਂ ਦੀ ਮੌਤ ਹੋਈ ਸੀ ਤੇ ਅੱਠ ਜ਼ਖ਼ਮੀ ਹੋਏ ਸੀ।