ਵਾਸ਼ਿੰਗਟਨ: ਸੁਰੱਖਿਆ ਜਵਾਨਾਂ ਨੂੰ ਲੰਮੀ ਦਾੜ੍ਹੀ ਰੱਖਣ ਤੋਂ ਰੋਕਣ ਵਾਲੀ ਨੀਤੀ ਦਾ ਸਮਰਥਨ ਕਰਨ 'ਤੇ ਸਿੱਖ ਕਾਰਕੁਨਾਂ ਨੇ ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਕਮਲਾ ਹੈਰਿਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਤੋਂ ਮੁਆਫੀ ਮੰਗਵਾਉਣ ਲਈ ਸਿੱਖਾਂ ਨੇ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।

ਦਰਅਸਲ, ਸਾਲ 2011 ਵਿੱਚ ਅਮਰੀਕਾ ਨੇ ਜੇਲ੍ਹ ਗਾਰਡਾਂ ਨੂੰ ਧਾਰਮਿਕ ਕਾਰਨਾਂ ਦਾੜ੍ਹੀ ਰੱਖਣ 'ਤੇ ਰੋਕ ਲਾ ਦਿੱਤੀ ਸੀ। ਹਾਲਾਂਕਿ, ਗਾਰਡਾਂ ਨੂੰ ਮੈਡੀਕਲ ਪੱਧਰ 'ਤੇ ਦਾੜ੍ਹੀ ਰੱਖਣ ਦੀ ਛੋਟ ਦੇਣ ਦੀ ਸੁਵਿਧਾ ਸੀ। ਸਿੱਖਾਂ ਨੇ ਦੋਸ਼ ਲਾਇਆ ਹੈ ਕਿ ਕਮਲਾ ਹੈਰਿਸ ਨੇ ਇਸ ਨੀਤੀ ਦਾ ਸਮਰਥਨ ਕੀਤਾ ਹੈ।

ਵਾਸ਼ਿੰਗਟਨ ਦੇ ਵਕੀਲ ਤੇ ਸਿਆਸੀ ਸਲਾਹਕਾਰ ਰਾਜਦੀਪ ਸਿੰਘ ਜੌਲੀ ਨੇ ਕਿਹਾ ਹੈ ਕਿ ਕਮਲਾ ਹੈਰਿਸ ਆਪਣੇ ਵਿਰੋਧੀਆਂ ਖ਼ਿਲਾਫ਼ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਸਬੰਧੀ ਭਾਸ਼ਣ ਕਰਦੀ ਹੈ, ਪਰ ਉਸ ਨੂੰ ਅਮਰੀਕੀ ਸਿੱਖਾਂ ਦੇ ਹੱਕਾਂ ਨੂੰ ਸੱਟ ਮਾਰਨ ਬਦਲੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੈਰਿਸ ਨੇ ਅਮਰੀਕੀ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਰੋਕ ਲਾ ਦਿੱਤੀ ਸੀ ਜਦ ਓਬਾਮਾ ਪ੍ਰਸ਼ਾਸਨ ਇਸ ਸਬੰਧੀ ਇਤਿਹਾਸਕ ਫੈਸਲਾ ਲੈਣ ਜਾ ਰਹੀ ਸੀ। ਇਸ ਮਾਮਲੇ ਬਾਰੇ ਕਮਲਾ ਹੈਰਿਸ ਨੇ ਹਾਲੇ ਤਕ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਹੈ।