Afghanistan Crisis: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਾਬੁਲ ਏਅਰਪੋਰਟ 'ਤੇ ਇਕ ਹੋਰ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਹੈ। ਬਾਇਡਨ ਦਾ ਕਹਿਣਾ ਹੈ ਕਿ ਉੱਥੇ ਹਾਲਾਤ ਅਜੇ ਵੀ ਬੇਹੱਦ ਖਤਰਨਾਕ ਬਣੇ ਹੋਏ ਹਨ। ਅਗਲੇ 24 ਤੋਂ 36 ਘੰਟੇ 'ਚ ਕਾਬੁਲ ਏਅਰਪੋਰਟ ਨੂੰ ਅੱਤਵਾਦੀ ਇਕ ਵਾਰ ਫਿਰ ਤੋਂ ਆਪਣਾ ਨਿਸ਼ਾਨਾ ਬਣਾ ਸਕਦੇ ਹਨ।


ਕਾਬੁਲ 'ਚ ਬੰਬ ਬਲਾਸਟ ਕਰਨ ਵਾਲੇ ਅੱਤਵਾਦੀ ਸੰਗਠਨ ਆਈਐਸਆਈਐਸ 'ਤੇ ਅਮਰੀਕਾ ਦੀ ਵੱਡੀ ਕਾਰਵਾਈ ਤੋਂ ਬਾਅਦ ਬਾਇਡਨ ਦਾ ਇਹ ਬਿਆਨ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਮਰੀਕਾ ਨੇ ਡ੍ਰੋਨ ਤੋਂ ਅਫ਼ਗਾਨਿਸਤਾਨ 'ਚ ਆਈਐਸਆਈਐਸ ਦੇ ਕਈ ਟਿਕਾਣਿਆਂ 'ਤੇ ਹਮਲੇ ਕੀਤੇ ਸਨ।


ਰਾਸ਼ਟਰਪਤੀ ਜੋ ਬਾਇਡਨ ਨੇ ਵਾਈਟ ਹਾਊਸ ਤੋਂ ਸ਼ਨੀਵਾਰ ਜਾਰੀ ਆਪਣੇ ਬਿਆਨ 'ਚ ਕਿਹਾ, 'ਅਫਗਾਨਿਸਤਾਨ ਖ਼ਾਸਕਰ ਕਾਬੁਲ 'ਚ ਜ਼ਮੀਨ 'ਤੇ ਹਾਲਾਤ ਬੇਹੱਦ ਖਤਰਨਾਕ ਬਣੇ ਹੋਏ ਹਨ। ਕਾਬੁਲ ਏਅਰਪੋਰਟ 'ਤੇ ਇਕ ਹੋਰ ਅੱਤਵਾਦੀ ਹਮਲੇ ਦੀ ਸੰਭਾਵਨਾ ਬਣੀ ਹੋਈ ਹੈ। ਸਾਡੀ ਫੌਜ ਦੇ ਕਮਾਂਡਰਾਂ ਨੇ ਦੱਸਿਆ ਹੈ ਕਿ ਅਗਲੇ 24 ਤੋਂ 36 ਘੰਟੇ 'ਚ ਇੱਥੇ ਇਕ ਹੋਰ ਅੱਤਵਾਦੀ ਹਮਲਾ ਹੋ ਸਕਦਾ ਹੈ।'


ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਨਹੀਂ ਛੱਡਾਂਗੇ


ਬਾਇਡਨ ਨੇ ਕਿਹਾ ਕਿ ਉਨ੍ਹਾਂ ਸ਼ਨੀਵਾਰ ਆਪਣੀ ਨੈਸ਼ਨਲ ਸਿਕਿਓਰਟੀ ਟੀਮ ਤੇ ਅਫ਼ਗਾਨਿਸਤਾਨ 'ਚ ਮੌਜੂਦ ਆਰਮੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਅਮਰੀਕਨ ਏਅਰਫੋਰਸ ਨੇ ਅਫਗਾਨਿਸਤਾਨ 'ਚ ਕਾਬੁਲ ਏਅਰਪੋਰਟ ਧਮਾਕਿਆਂ 'ਚ ਸ਼ਾਮਲ ISIS-K ਦੇ ਟਿਕਾਣਿਆਂ 'ਤੇ ਜੋ ਏਅਰ ਸਟ੍ਰਾਇਕ ਕੀਤੀ ਉਸ ਨੂੰ ਲੈਕੇ ਇਸ 'ਚ ਚਰਚਾ ਹੋਈ। ਬਾਇਡਨ ਨੇ ਦੱਸਿਆ, 'ਮੈਂ ਕਿਹਾ ਸੀ ਕਿ ਕਾਬੁਲ 'ਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸੰਗਠਨ ਨੂੰ ਅਸੀਂ ਨਹੀਂ ਛੱਡਾਂਗੇ ਤੇ ਅਸੀਂ ਅਜਿਹਾ ਕਰਕੇ ਦਿਖਾਇਆ।'


ISIS 'ਤੇ ਨਹੀਂ ਸੀ ਸਾਡੀ ਆਖਰੀ ਸਟ੍ਰਾਇਕ


ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਅੱਤਵਾਦੀ ਸੰਗਠਨ 'ਤੇ ਇਹ ਸਾਡੀ ਆਖਰੀ ਸਟ੍ਰਾਇਕ ਨਹੀਂ ਹੈ। ਕਾਬੁਲ ਧਮਾਕਿਆਂ 'ਚ ਜੋ ਵੀ ਸ਼ਾਮਲ ਹੈ ਅਸੀਂ ਉਨ੍ਹਾਂ 'ਚੋਂ ਹਰ ਕਿਸੇ ਨੂੰ ਲੱਭਾਂਗੇ ਤੇ ਉਨ੍ਹਾਂ ਨੂੰ ਆਪਣੇ ਗੁਨਾਹ ਦੀ ਕੀਮਤ ਚੁਕਾਉਣੀ ਪਵੇਗੀ। ਜਦੋਂ ਵੀ ਕੋਈ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਜਾਂ ਸਾਡੀ ਫੌਜ 'ਤੇ ਹਮਲਾ ਕਰੇਗਾ ਤਾਂ ਅਸੀਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਇਸ ਨੂੰ ਲੈਕੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਣਾ ਚਾਹੀਦਾ।'