ਕਾਬੁਲ: ਅਫਗਾਨਿਸਤਾਨ 'ਚ ਨਵੀਂ ਸਰਕਾਰ ਦੇ ਗਠਨ ਲਈ ਅੱਜ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ, ਅਫਗਾਨਿਸਤਾਨ ਦੇ ਸਾਬਕਾ ਪੀਐਮ ਹਿਕਮਤਯਾਰ ਤੇ ਡਾਕਟਰ ਅਬਦੁੱਲਾ ਦੋਹਾ ਜਾ ਰਹੇ ਹਨ। ਦੋਹਾ 'ਚ ਇਹ ਸਾਰੇ ਨੇਤਾ ਤਾਲਿਬਾਨ ਦੇ ਵੱਡੇ ਲੀਡਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਮਿਲੀਜੁਲੀ ਸਰਕਾਰ ਬਣਾਉਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨਗੇ।
ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਇਸ ਪੋਸਟ 'ਚ ਕਿਹਾ ਕਿ ਪਰਿਸ਼ਦ ਦੀ ਅਗਵਾਈ ਹਾਈ ਕਾਊਂਸਿਲ ਫਾਰ ਨੈਸ਼ਨਲ ਰੀਕੰਸੀਲੀਏਸ਼ਨ ਦੇ ਮੁਖੀ ਅਬਦੁੱਲਾ ਅਬਦੁੱਲਾ, ਬਿਜਬ ਏ ਇਸਲਾਮੀ ਦੇ ਪ੍ਰਮੁੱਖ ਗੁਲਬੁਦੀਨ ਹਿਕਮਤਯਾਰ ਤੇ ਉਹ ਖੁਦ ਕਰਨਗੇ। ਬਿਆਨ 'ਚ ਕਿਹਾ ਗਿਆ ਕਿ ਉਹ ਫੈਸਲਾ ਅਰਾਜਕਤਾ ਰੋਕਣ, ਲੋਕਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਤੇ ਸ਼ਾਂਤੀਪੂਰਵਕ ਸੱਤਾਂ ਪਲਟ ਲਈ ਲਿਆ ਗਿਆ ਹੈ। ਹਾਮਿਦ ਕਰਜਈ ਤੇ ਡਾਕਟਰ ਅਬਦੁੱਲਾ ਅਬਦੁੱਲਾ ਦੇ ਨਾਲ ਇਕ ਵੀਡੀਓ ਵੀ ਜਾਰੀ ਕੀਤਾ ਸੀ।
ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਦਾ ਅੱਜ ਤੀਜਾ ਦਿਨ ਹੈ ਪਰ ਕਾਬੁਲ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਤਾਲਿਬਾਨ ਦੇ ਡਰ ਨਾਲ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ। ਹਜ਼ਾਰਾਂ ਵਿਦੇਸ਼ੀ ਨਾਗਰਿਕ ਕਾਬੁਲ ਤੋਂ ਨਿੱਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਬੁਲ ਏਅਰਪੋਰਟ 'ਤੇ ਭਾਰੀ ਭੀੜ ਹੈ। ਲੋਕ ਜਹਾਜ਼ਾਂ 'ਤੇ ਚੜ੍ਹਨ ਲਈ ਮਾਰੋਮਾਰੀ ਕਰ ਰਹੇ ਹਨ। ਕੱਲ੍ਹ ਕਈ ਲੋਕਾਂ ਨੇ ਉਡਾਣ ਭਰਨ ਵਾਲੇ ਜਹਾਜ਼ਾਂ 'ਤੇ ਲਟਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਜਾਨ ਗਵਾਉਣੀ ਪਈ।
ਅੱਜ ਦੋਹਾ ਤੋਂ ਕਾਬੁਲ ਪਹੁੰਚਣਗੇ ਤਾਲਿਬਾਨ ਲੀਡਰ, ਮੁੱਲਾ ਬਰਾਦਰ ਹੋ ਸਕਦਾ ਨਵਾਂ ਰਾਸ਼ਟਰਪਤੀ
ਕਾਬੁਲ 'ਚ ਹਫੜਾ ਦਫੜੀ ਦੀਆਂ ਤਸਵੀਰਾਂ ਦੁਨੀਆਂ ਦੇ ਸਾਹਮਣੇ ਹਨ। ਪਰ ਕਾਬੁਲ ਨੂੰ ਲੈਕੇ ਇਕ ਮੰਥਨ ਕਤਰ ਦੇ ਦੋਹਾ 'ਚ ਵੀ ਚੱਲ ਰਿਹਾ ਹੈ। ਤਾਲਿਬਾਨ ਦੇ ਵੱਡੇ ਲੀਡਰ ਅਫਗਾਨਿਸਤਾਨ 'ਚ ਸਰਕਾਰ ਬਣਾਉਣ ਨੂੰ ਲੈਕੇ ਅੱਜ ਕੋਈ ਐਲਾਨ ਕਰ ਸਕਦੇ ਹਨ। ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਹੁਦੇ ਲਈ ਤਾਲਿਬਾਨ ਨੇ ਜਿਸ ਮੁੱਲਾ ਅਬਦੁਲ ਗਨੀ ਬਰਾਦਰ ਦਾ ਨਾਂ ਅੱਗੇ ਕੀਤਾ ਹੈ ਉਹ ਵੀ ਦੋਹਾ 'ਚ ਹੀ ਮੌਜੂਦ ਹੈ। ਅਜਿਹੀਆਂ ਖ਼ਬਰਾਂ ਹਨ ਕਿ ਅੱਜ ਤਾਲਿਬਾਨ ਦੇ ਵੱਡੇ ਲੀਡਰ ਦੋਹਾ ਤੋਂ ਕਾਬੁਲ ਆ ਕੇ ਨਵੀਂ ਸਰਕਾਰ ਨੂੰ ਲੈਕੇ ਕੋਈ ਐਲਾਨ ਕਰ ਸਕਦੇ ਹਨ। ਅਫਗਾਨਿਸਤਾਨ 'ਚ ਬਦਲਦੀ ਸੱਤਾ ਨੇ ਦੁਨੀਆਂ ਦੇ ਸਮੀਕਰਨ ਵੀ ਕਾਫੀ ਹੱਦ ਤਕ ਬਦਲ ਕੇ ਰੱਖ ਦਿੱਤੇ ਹਨ।
ਚੀਨ, ਰੂਸ, ਤੁਰਕੀ ਤੇ ਪਾਕਿਸਤਾਨ ਨਵੀਂ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਗੱਲ ਕਹਿ ਚੁੱਕੇ ਹਨ। ਇਸ ਦੇ ਨਾਲ ਹੀ ਮੌਜੂਦਾ ਹਾਲਾਤ ਲਈ ਸਾਰੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਚੀਨ, ਰੂਸ ਤੇ ਪਾਕਿਸਾਨ ਨੇ ਤਾਂ ਕਾਬੁਲ 'ਚ ਆਪਣੀ ਏਜੰਸੀ ਵੀ ਨਾ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਅਫਗਾਨਿਸਤਾਨ 'ਚ ਤਾਲਿਬਾਨ ਦੀ ਜਿੱਤ ਤੇ ਚੀਨ ਨੇ ਤਾਲਿਬਾਨ ਦੇ ਸ਼ਾਸਨ ਦੇ ਸਥਾਈ ਰਹਿਣ ਦੀ ਉਮੀਦ ਜਤਾਈ ਹੈ ਤੇ ਅਮਰੀਕਾ ਦੇ ਵਿਰੋਧੀ ਇਰਾਨ ਨੇ ਕਿਹਾ ਕਿ ਅਮਰੀਕਾ ਦੀ ਹਾਰ ਨਾਲ ਸ਼ਾਂਤੀ ਦੀ ਉਮੀਦ ਜਾਗੀ ਹੈ। ਪਾਕਿਸਤਾਨ ਨੇ ਕਿਹਾ ਕਿ ਅਫਗਾਨਿਸਤਾਨ ਨੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਹਨ।
ਤਾਲਿਬਾਨ ਸਰਕਾਰ ਨੂੰ ਲੈਕੇ ਦੁਨੀਆਂ ਦੇ ਦੇਸ਼ ਆਪਣੀ ਰਾਜਨੀਤੀ ਦੇ ਹਿਸਾਬ ਨਾਲ ਦੋ ਖੇਮਿਆਂ 'ਚ ਨਜ਼ਰ ਆ ਰਹੇ ਹਨ। ਅਫਗਾਨਿਸਤਾਨ ਦੀ ਬਦਲਦੀ ਸੂਰਤ 'ਚ ਦੋਹਾ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਅਮਰੀਕਾ ਤੇ ਤਾਲਿਬਾਨ ਦੇ ਵਿਚ ਦੋਹਾ 'ਚ 2018 ਤੋਂ ਹੀ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸ ਦੌਰਾਨ ਅਮਰੀਕਾ ਨੇ ਤਾਲਿਬਾਨ ਦੇ ਸਾਹਮਣੇ ਕਈ ਸ਼ਰਤਾਂ ਰੱਖੀਆਂ।
ਤਾਲਿਬਾਨ ਤੇ ਅਮਰੀਕਾ ਨੂੰ ਲੈਕੇ ਗੱਲਬਾਤ ਦੋਹਾਂ 'ਚ ਹੀ ਹੁੰਦੀ ਰਹੀ ਹੈ। ਹੁਣ ਨਵੀਂ ਸਰਕਾਰ ਨੂੰ ਸ਼ਕਲ ਦੇਣ ਦਾ ਕੰਮ ਵੀ ਦੋਹਾ 'ਚ ਚੱਲ ਰਿਹਾ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਵੀ ਤਾਲਿਬਾਨ ਦੀ ਨਵੀਂ ਸਰਕਾਰ ਨੂੰ ਲੈਕੇ ਦੁਨੀਆਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਹੈ।
ਜੇਕਰ ਦੋਹਾ 'ਚ ਸਰਕਾਰ ਦੀ ਰਚਨਾ, ਚਿਹਰੇ 'ਤੇ ਨਾਂਅ ਨੂੰ ਲੈਕੇ ਕੋਈ ਗੱਲ ਤੈਅ ਹੋ ਜਾਂਦੀ ਹੈ ਤਾਂ ਅੱਜ ਹੀ ਬਰਾਦਰ ਸਮੇਤ ਤਾਲਿਬਾਨ ਦੇ ਵੱਡੇ ਲੀਡਰ ਕਾਬੁਲ ਜਾਕੇ ਇਸ ਦਾ ਐਲਾਨ ਕਰ ਸਕਦੇ ਹਨ। ਤਾਲਿਬਾਨ ਦਾ ਦਾਅਵਾ ਹੈ ਕਿ ਨਵੀਂ ਸਰਕਾਰ ਨੂੰ ਲੈਕੇ ਸੰਗਠਨ ਦੇ ਨਾਲ-ਨਾਲ ਅੰਤਰ-ਰਾਸ਼ਟਰੀ ਲੀਡਰਾਂ ਨਾਲ ਵੀ ਗੱਲਬਾਤ ਜਾਰੀ ਹੈ।