ਬੀਜਿੰਗ: ਚੀਨ ਨੇ ਅੱਜ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਚੀਨ ਨੇ ਕੌਮਾਂਤਰੀ ਸਹਿਯੋਗ ਜ਼ਰੀਏ ਅੱਤਵਾਦ ਖ਼ਿਲਾਫ਼ ਲੜਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ। ਚੀਨ ਨੇ ਇਹ ਬਿਆਨ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਜੈਸ਼ ਦੇ ਸਭ ਤੋਂ ਵੱਡੇ ਟਿਕਾਣੇ ’ਤੇ ਕੀਤੇ ਹਮਲੇ ਦੇ ਕੁਝ ਘੰਟਿਆਂ ਬਾਅਦ ਦਿੱਤਾ ਹੈ।


ਇਸ ਸਬੰਧੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਉਨ੍ਹਾਂ ਸਬੰਧਤ ਖ਼ਬਰਾਂ ਨੂੰ ਵੇਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੱਖਣੀ ਏਸ਼ੀਆ ਦੇ ਦੋ ਮਹੱਤਵਪੂਰਨ ਦੇਸ਼ ਹਨ। ਦੋਵਾਂ ਮੁਲਕਾਂ ਵਿਚਾਲੇ ਚੰਗੇ ਸਬੰਧ ਤੇ ਸਹਿਯੋਗ ਰਹਿਣਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੈ।

ਉਨ੍ਹਾਂ ਕਿਹਾ ਕਿ ਇਹ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹੈ। ਕਾਂਗ ਨੇ ਉਮੀਦ ਜਤਾਈ ਕਿ ਭਾਰਤ ਤੇ ਪਾਕਿਸਤਾਨ ਸੰਜਮ ਵਰਤਣਗੇ ਅਤੇ ਆਪਣੇ ਦੋਪੱਖੀ ਰਸ਼ਤੇ ਤੇ ਪਰਸਪਰ ਸਬੰਧ ਹੋਰ ਮਜ਼ਬੂਤ ਬਣਾਉਣਗੇ।