ਚੰਡੀਗੜ੍ਹ: ਅੱਜ ਤੜਕੇ ਭਾਰਤੀ ਹਵਾਈ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਇਲਾਕੇ ਵਿੱਚ ਮੌਜੂਦ ਲੋਕਾਂ ਨੇ ਅੱਖੀਂ ਦੇਖਿਆ ਹਾਲ ਸੁਣਾਇਆ ਹੈ। ਹਮਲੇ ਦੇ ਚਸ਼ਮਦੀਦਾਂ ਮੁਤਾਬਕ ਭਾਰਤੀ ਹਵਾਈ ਫੌਜ ਦੇ ਹਮਲੇ ਕਾਫੀ ਖੌਫਨਾਕ ਸਨ, ਜਿਸ ਨਾਲ ਸੁੱਤੇ ਪਏ ਲੋਕਾਂ ਦੀ ਨੀਂਦ ਉੱਠ ਗਈ।


ਬੀਬੀਸੀ ਦੀ ਰਿਪੋਰਟ ਮੁਤਾਬਕ ਜਾਬਾ ਟਾਪ ਬਾਲਕੋਟ ਨਿਵਾਸੀ ਮੁਹੰਮਦ ਆਦਿਲ ਨੇ ਦੱਸਿਆ ਕਿ ਧਮਾਕੇ ਇੰਨੇ ਤੇਜ਼ ਸੀ ਕਿ ਜਿਵੇਂ ਕੋਈ ਭੂਚਾਲ ਆ ਗਿਆ ਹੋਏ। ਉਨ੍ਹਾਂ ਦੱਸਿਆ ਕਿ ਸਵੇਰੇ ਤਿੰਨ ਵਜੇ ਦਾ ਸਮਾਂ ਸੀ, ਇੰਝ ਲੱਗਾ ਕਿ ਭੂਚਾਲ ਆ ਗਿਆ। ਉਹ ਰਾਤ ਭਰ ਸੌਂਏ ਨਹੀਂ। ਪੰਜ-ਦਸ ਮਿੰਟਾਂ ਬਾਅਦ ਪਤਾ ਲੱਗਾ ਕਿ ਧਮਾਕਾ ਹੋਇਆ ਹੈ। ਆਦਿਲ ਨੇ ਦੱਸਿਆ ਕਿ ਪੰਜ ਧਮਾਕੇ ਇਕੱਠੇ ਹੋਏ ਅਤੇ ਕਈ ਜ਼ਖ਼ਮੀ ਹੋਏ। ਫਿਰ ਕੁਝ ਦੇਰ ਬਾਅਦ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ।

ਉਹ ਸਵੇਰੇ ਉਸ ਥਾਂ ਗਏ ਜਿੱਥੇ ਧਮਾਕੇ ਹੋ ਰਹੇ ਸੀ। ਉਨ੍ਹਾਂ ਦੱਸਿਆ ਕਿ ਉੱਥੇ ਵੱਡੇ-ਵੱਡੇ ਟੋਏ ਪਏ ਹੋਏ ਸੀ। ਕਈ ਮਕਾਨ ਵੀ ਨੁਕਸਾਨੇ ਗਏ ਸੀ। ਇੱਕ ਵਿਅਕਤੀ ਜ਼ਖ਼ਮੀ ਵੀ ਦਿੱਸਿਆ। ਹਮਲੇ ਦੇ ਇੱਕ ਹੋਰ ਚਸ਼ਮਦੀਦ ਵਾਜਿਦ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਵੀ ਧਮਾਕੇ ਦੀ ਆਵਾਜ਼ ਸੁਣੀ ਸੀ। ਉਨ੍ਹਾਂ ਕਿਹਾ ਕਿ ਹਮਲੇ ਦੌਰਾਨ ਅਜਿਹਾ ਲੱਗਾ ਜਿਵੇਂ ਕੋਈ ਰਾਈਫਲ ਨਾਲ ਫਾਇਰਿੰਗ ਕਰ ਰਿਹਾ ਹੋਏ। ਉਨ੍ਹਾਂ ਨੂੰ ਤਿੰਨ ਵਾਰ ਧਮਾਕੇ ਦੀ ਆਵਾਜ਼ ਸੁਣੀ ਤੇ ਫਿਰ ਖ਼ਾਮੋਸ਼ੀ ਛਾ ਗਈ।



ਇੱਧਰ ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਦੱਸਿਆ ਹੈ ਕਿ ਇਸ ਹਮਲ ਵਿੱਚ ਵਿਸ਼ੇਸ਼ ਤੌਰ ’ਤੇ ਸਿਰਫ ਜੈਸ਼ ਦੇ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਵੇਲੇ ਇਹ ਵੀ ਧਿਆਨ ਵਿੱਚ ਰੱਖਿਆ ਗਿਆ ਕਿ ਆਮ ਲੋਕਾਂ ਨੂੰ ਇਸ ਹਮਲੇ ਨਾਲ ਕੋਈ ਨੁਕਸਾਨ ਨਾ ਪੁੱਜੇ।