ਚੰਡੀਗੜ੍ਹ: ਭਾਰਤੀ ਹਵਾਈ ਫੌਜ ਨੇ ਜੈਸ਼-ਏ-ਮੁਹੰਮਦ ਦੇ ਜਿਸ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ, ਉਹ ਐਲਓਸੀ ਦੇ ਨੇੜੇ ਨਹੀਂ, ਬਲਕਿ ਖੈਬਰ-ਪਖਤੂਨਵਾ ਸੂਬੇ ਵਿੱਚ ਸਥਿਤ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਲੜਾਕੂ ਮਿਰਾਜ 2000 ਜਹਾਜ਼ਾਂ ਨੇ ਖੈਬਰ ਪਖਤੂਨਵਾ ਪ੍ਰਾਂਤ ਵਿੱਚ ਜੰਗਲਾਂ ਵਿੱਚ ਬਣੇ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ’ਤੇ ਹਮਲਾ ਕੀਤਾ ਹੈ।
ਦਰਅਸਲ ਪਹਿਲਾਂ ਇਸ ਗੱਲ ਸਬੰਧੀ ਭੰਬਲਭੂਸਾ ਸੀ ਕਿ ਹਮਲਾ ਪੁੰਛ ਨੇੜੇ ਬਾਲਾਕੋਟ ਨਾਂ ਦੀ ਥਾਂ ’ਤੇ ਕੀਤਾ ਗਿਆ ਹੈ ਜਾਂ ਫਿਰ ਖੈਬਰ-ਪਖਤੂਨਵਾ ਪ੍ਰਾਂਤ ਵਿੱਚ। ਹੁਣ ਅਧਿਕਾਰਤ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਜਿਸ ਬਾਲਾਕੋਟ ’ਤੇ ਹਮਲਾ ਹੋਇਆ ਹੈ ਉਹ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਅੱਗੇ ਖੈਬਰ ਪਖਤੂਨਵਾ ਪ੍ਰਾਂਤ ਦਾ ਹਿੱਸਾ ਹੈ ਜੋ ਮਾਨਸ਼ੇਰਾ ਜ਼ਿਲ੍ਹੇ ਵਿੱਚ ਸਥਿਤ ਹੈ।
ਹਾਲਾਂਕਿ ਭਾਰਤ ਨੇ ਅਧਾਕਾਰਤ ਤੌਰ ’ਤੇ ਇਹ ਸਪਸ਼ਟ ਨਹੀਂ ਕੀਤਾ ਕਿ ਮਿਰਾਜ ਜਹਾਜ਼ਾਂ ਨੇ ਕਿਸ ਬਾਲਾਕੋਟ ਨੂੰ ਨਿਸ਼ਾਨਾ ਬਣਾਇਆ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਰਸਮੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਕਾਰਵਾਈ ਵਿੱਚ ਵੱਡੀ ਗਿਣਤੀ ਜੈਸ਼ ਦੇ ਅੱਤਵਾਦੀ, ਟ੍ਰੇਨਰ, ਸੀਨੀਅਰ ਕਮਾਂਡਰ ਤੇ ਜਿਹਾਦੀਆਂ ਦੇ ਸਮੂਹ ਮਾਰੇ ਗਏ ਹਨ। ਇਹ ਲੋਕ ਭਾਰਤ ’ਤੇ ਫਿਦਾਈਨ ਹਮਲੇ ਦੀ ਤਿਆਰੀ ਕਰ ਰਹੇ ਸੀ।
ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਸਵੇਰੇ ਟਵੀਟ ਕਰਕੇ ਕਿਹਾ ਸੀ ਕਿ ਭਾਰਤੀ ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਪਾਰ ਮੁਜ਼ੱਫਰਾਬਾਦ ਸੈਕਟਰ ਵਿੱਚ ਹਮਲੇ ਕੀਤੇ ਹਨ। ਇਸ ਤੋਂ ਬਾਅਦ ਹੁਣ ਤਕ ਪਾਕਿਸਤਾਨ ਨੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ। ਬੀਬੀਸੀ ਦੀ ਰਿਪੋਰਟ ਮੁਤਾਬਕ ਬਾਲਾਕੋਟ ਮਾਨਸ਼ੇਰਾ ਜ਼ਿਲ੍ਹੇ ਦਾ ਹਿੱਸਾ ਹੈ। ਭਾਰਤੀ ਜਹਾਜ਼ਾਂ ਨੇ ਜਿਸ ਥਾਂ ਬੰਬ ਸੁੱਟੇ ਹਨ, ਉਸ ਥਾਂ ਦਾ ਨਾ ਜਾਬਾ ਟਾਪ ਹੈ ਜੋ ਇਕ ਪਹਾੜੀ ਚੋਟੀ ਹੈ।
ਦੱਸਿਆ ਜਾਂਦਾ ਹੈ ਕਿ ਹਿਜਬੁਲ ਮੁਜਾਹਿਦੀਨ ਜਾਬਾ ਵਿੱਚ ਹੀ ਸਿਖਲਾਈ ਕੈਂਪ ਚਲਾਉਂਦਾ ਰਿਹਾ ਹੈ। ਪਾਕਿਸਤਾਨ ਨੇ ਇਸ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।