ਨਿਊਯਾਰਕ: ਅਲਾਸਕਾ ਦੇ ਉਤਕੀਯਾਗਵਿਕ ਸ਼ਹਿਰ ਦੇ ਲੋਕ ਦੋ ਮਹੀਨੇ ਤਕ ਸੂਰਜ ਨਹੀਂ ਦੇਖ ਪਾਉਣਗੇ। ਇੱਥੇ ਐਤਵਾਰ ਨੂੰ ਇਸ ਸੀਜ਼ਨ ਦਾ ਆਖਰੀ ਸੂਰਜ ਡੁੱਬਿਆ। ਹੁਣ ਸ਼ਹਿਰ ‘ਚ 23 ਜਨਵਰੀ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਸੂਰਜ ਨਿਕਲੇਗਾ। ਸਰਕਾਰ ਨੇ ਅਧਿਕਾਰਕ ਤੌਰ ‘ਤੇ 65 ਦਿਨਾਂ ਤਕ ਹਨੇਰਾ ਰਹਿਣ ਦਾ ਐਲਾਨ ਵੀ ਕਰ ਦਿੱਤਾ ਹੈ। ਲੋਕਾਂ ਨੇ ਹਾਲ ਹੀ ‘ਚ ਸ਼ਹਿਰ ‘ਤੇ ਬਣੀ ਫ਼ਿਲਮ ਦੇਖ ਕੇ ਹਨੇਰੇ ਦਾ ਜਸ਼ਨ ਮਨਾਇਆ।
ਉੱਤਰੀ ਧਰੁਵ ਵੱਲ ਵਧਦੇ ਹੋਏ ਸਰਦੀਆਂ ‘ਚ ਕੁਝ ਥਾਵਾਂ ‘ਤੇ ਦਿਨ ਇੰਨੇ ਛੋਟੇ ਹੋ ਜਾਂਦੇ ਹਨ ਕਿ ਉੱਥੇ ਰੋਸ਼ਨੀ ਨਹੀਂ ਹੁੰਦੀ। ਆਰਟਿਕ ‘ਚ ਪੈਣ ਵਾਲੇ ਉਤਕੀਯਾਗਵਿਕ ਦਾ ਵੀ ਇਹੀ ਹਾਲ ਹੁੰਦਾ ਹੈ। ਇੱਥੇ ਸਰਦੀਆਂ ‘ਚ ਦਿਨ ‘ਚ ਵੀ ਹਨੇਰਾ ਹੀ ਰਹਿੰਦਾ ਹੈ। ਇਸ ਸਥਿਤੀ ਨੂੰ ‘ਪੋਲਰ ਨਾਈਟਸ’ ਕਿਹਾ ਜਾਂਦਾ ਹੈ।
ਮਹਿਜ਼ 4000 ਦੀ ਆਬਾਦੀ ਵਾਲੇ ਉਤਕੀਯਾਗਵਿਕ ਸ਼ਹਿਰ ‘ਚ ਸੂਰਜ ਤੇ ਰੋਸ਼ਨੀ ਨਾ ਹੋਣ ਕਾਰਨ ਮੌਸਮ ਕਾਫੀ ਠੰਢਾ ਰਹਿੰਦਾ ਹੈ। ਇੱਥੇ ਦਾ ਤਾਪਮਾਨ ਵੀ ਕਈ ਵਾਰ ਮਨਫੀ 10 ਤੋਂ 20 ਡਿਗਰੀ ਤਕ ਪਹੁੰਚ ਜਾਂਦਾ ਹੈ। ‘ਪੋਲਰ ਨਾਈਟਸ’ ਅਮਰੀਕਾ ਦੇ ਅਲਾਸਕਾ ਤੋਂ ਇਲਾਵਾ ਰੂਸ, ਸਵੀਡਨ, ਫਿਨਲੈਂਡ ਤੇ ਕੈਨੇਡਾ ਦੇ ਕੁਝ ਸ਼ਹਿਰਾਂ ‘ਚ ਵੀ ਹੁੰਦੀ ਹੈ। ਕੈਨੇਡਾ ਦੇ ਗ੍ਰੀਸ ਫਿਓਰਡ ‘ਚ 100 ਦਿਨਾਂ ਤਕ ਹਨੇਰਾ ਰਹਿੰਦਾ ਹੈ। ਇੱਥੋਂ ਦੇ ਲੋਕਾਂ ਨੇ ਆਖਰੀ ਵਾਰ ਸੂਰਜ ਅਕਤੂਬਰ ‘ਚ ਦੇਖਿਆ ਸੀ ਤੇ ਹੁਣ 19 ਫਰਵਰੀ ਨੂੰ ਇੱਥੇ ਫੇਰ ਸੂਰਜ ਚੜ੍ਹਦਾ ਨਜ਼ਰ ਆਵੇਗਾ।