ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੈਰੀਐਂਟ ਨੂੰ ਲੈ ਕੇ ਹੁਣ ਇਕ ਹੋਰ ਨਵੀਂ ਡਰਾਉਣ ਵਾਲੀ ਗੱਲ ਸਾਹਮਣੇ ਆਈ ਹੈ। ਦੱਖਣੀ ਅਫਰੀਕਾ ਦੇ ਡਾਕਟਰ ਦਾ ਕਹਿਣਾ ਹੈ ਕਿ ਇਸ ਵਾਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਵੀ ਸੰਕ੍ਰਮਣ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਸਾਰੇ ਬੱਚੇ ਓਮੀਕ੍ਰੋਨ ਨਾਲ ਸੰਕ੍ਰਮਿਤ ਨਹੀਂ ਹੈ ਫਿਰ ਵੀ ਬੱਚਿਆਂ 'ਚ ਸੰਕ੍ਰਮਣ ਵਧਣ ਨਾਲ ਚਿੰਤਾ ਜ਼ਰੂਰ ਵਧ ਗਈ ਹੈ।


ਓਮੀਕ੍ਰੋਨ ਵੇਰੀਐਂਟ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦੱਖਣੀ ਅਫਰੀਕਾ 'ਚ ਸ਼ੁੱਕਰਵਾਰ ਨੂੰ 16,055 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 25 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਦਕਿ ਨਵੰਬਰ ਦੇ ਦੂਜੇ ਹਫ਼ਤੇ ਤੋਂ ਹਰ ਰੋਜ਼ ਸਿਰਫ਼ 200 ਕੇਸ ਸਾਹਮਣੇ ਆ ਰਹੇ ਸਨ। ਹਾਲਾਂਕਿ ਇਨਫੈਕਸ਼ਨ ਵਧਣ ਦੇ ਵਿਚਕਾਰ ਵਿਗਿਆਨੀਆਂ ਨੇ ਛੋਟੇ ਬੱਚਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।


ਦੱਖਣੀ ਅਫ਼ਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਕਮਿਊਨੀਕੇਬਲ ਡਿਜ਼ੀਜ਼ (NICD) ਦੇ ਡਾਕਟਰ ਵਸੀਲਾ ਜਸਤ ਨੇ ਕਿਹਾ ਕਿ ਬੱਚਿਆਂ ਦੇ ਕਿਸੇ ਵੀ ਵਾਇਰਸ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਪਹਿਲੀਆਂ ਮਹਾਮਾਰੀ 'ਚ ਵੀ ਅਜਿਹਾ ਹੀ ਦੇਖਿਆ ਗਿਆ ਹੈ ਪਰ ਤੀਜੀ ਲਹਿਰ '5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 15 ਤੋਂ 19 ਸਾਲ ਦੇ ਨੌਜਵਾਨਾਂ ਦੇ ਹਸਪਤਾਲ 'ਚ ਦਾਖਲ ਹੋਣ ਦੀ ਗਿਣਤੀ 'ਚ ਵਾਧਾ ਹੋਇਆ ਸੀ ਅਤੇ ਹੁਣ ਚੌਥੀ ਲਹਿਰ 'ਚ ਅਸੀਂ ਹਰ ਉਮਰ 'ਚ ਸੰਕਰਮਣ 'ਚ ਵਾਧਾ ਦੇਖਿਆ ਹੈ। ਖਾਸ ਕਰ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਧੇਰੇ ਖਤਰਾ ਹੈ।


 


ਉਨ੍ਹਾਂ ਕਿਹਾ ਕਿ ਬੱਚਿਆਂ 'ਚ ਸੰਕਰਮਣ ਅਜੇ ਵੀ ਉਮੀਦ ਅਨੁਸਾਰ ਘੱਟ ਹੈ ਪਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਤੇਜ਼ੀ ਨਾਲ ਵੱਧ ਰਿਹਾ ਹੈ। 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਇਸ ਵਾਇਰਸ ਨਾਲ ਸਭ ਤੋਂ ਵੱਧ ਸੰਕਰਮਿਤ ਹਨ ਅਤੇ ਦੂਜੇ ਨੰਬਰ 'ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਕੁਝ ਵੱਖਰਾ ਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।