'ਛੜਿਆਂ' ਤੋਂ ਕੰਪਨੀ ਨੇ 24 ਘੰਟਿਆਂ 'ਚ ਵੱਟੇ ਡੇਢ ਲੱਖ ਕਰੋੜ
ਏਬੀਪੀ ਸਾਂਝਾ | 12 Nov 2017 11:17 AM (IST)
ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਵਿਕਰੀ ਵਿੱਚ ਆਪਣੇ ਹੀ ਪੁਰਾਣੇ ਰਿਕਾਰਡ ਨੂੰ 13 ਘੰਟਿਆਂ ਵਿੱਚ ਹੀ ਤੋੜ ਦਿੱਤਾ। ਕੰਪਨੀ ਨੇ ਪੂਰੇ 24 ਘੰਟਿਆਂ ਕੁੱਲ 1.64 ਲੱਖ ਕਰੋੜ ਰੁਪਏ ਦੀਆਂ ਵਸਤਾਂ ਵੇਚਣ ਦਾ ਨਵਾਂ ਰਿਕਾਰਡ ਬਣਾਇਆ ਹੈ। ਚੀਨ ਵਿੱਚ "ਸਿੰਗਲਸ ਡੇਅ" 'ਤੇ ਲੱਗੀ ਸੇਲ ਗੇ ਪਹਿਲੇ 13 ਘੰਟਿਆਂ ਵਿੱਚ ਅਲੀਬਾਬਾ ਨੇ 1.17 ਲੱਖ ਕਰੋੜ ਰੁਪਏ ਦਾ ਸਮਾਨ ਵੇਚਣ ਦਾ ਦਾਅਵਾ ਕੀਤਾ ਹੈ। ਬੀਤੇ ਸਾਲ ਕੰਪਨੀ ਨੇ ਇਸੇ ਦਿਨ ਲੱਗੀ ਸੇਲ ਨੂੰ 24 ਘੰਟਿਆਂ ਵਿੱਚ 1.16 ਲੱਖ ਕਰੋੜ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਸੀ ਜਦਕਿ ਇਸ ਸਾਲ ਕੰਪਨੀ ਮੁਤਾਬਕ ਇਹ ਅੰਕੜਾ 1.64 ਲੱਖ ਕਰੋੜ ਰੁਪਏ ਤਕ ਪਹੁੰਚ ਗਿਆ ਹੈ। ਅਲੀਬਾਬਾ ਦੇ ਮਾਲਕ ਜੈਕ ਮਾ ਨੇ ਦੱਸਿਆ ਕਿ ਇਸ ਸੇਲ ਵਿੱਚ ਉਨ੍ਹਾਂ 1.40 ਲੱਖ ਬ੍ਰਾਂਡਜ਼ ਦੀਆਂ ਤਕਰੀਬਨ 15 ਲੱਖ ਵਸਤੂਆਂ ਨੂੰ ਸ਼ਾਮਲ ਕੀਤਾ ਸੀ। ਸੇਲ ਦੇ ਪਹਿਲੇ ਘੰਟੇ ਦੌਰਾਨ 3.25 ਲੱਖ ਆਰਡਰ ਮਿਲ ਗਏ ਸਨ। ਐੱਪਲ, ਸੈਮਸੰਗ, ਨਾਇਕੀ, ਜ਼ਾਰਾ ਸਮੇਤ 60 ਕੌਮਾਂਤਰੀ ਬ੍ਰਾਂਡਜ਼ ਦੇ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਪ੍ਰੋਡਕਟਸ ਵਿਕੇ ਹਨ। ਅਖ਼ਬਾਰ ਦੈਨਿਕ ਭਾਸਕਰ ਮੁਤਾਬਕ ਭਾਰਤ ਵਿੱਚ ਵੀ ਪ੍ਰਮੁੱਖ ਈ-ਕਾਮਰਸ ਕੰਪਨੀਆਂ ਫਲਿੱਪਕਾਰਟ ਤੇ ਅਮੇਜ਼ਨ ਨੇ ਇਸ ਦੀਵਾਲੀ ਮੌਕੇ 6,800 ਕਰੋੜ ਰੁਪਏ ਦਾ ਸਮਾਨ ਵੇਚਿਆ ਸੀ। ਪਰ ਇਹ 4-5 ਦਿਨ ਚੱਲੀ ਸੇਲ ਦੀ ਕੁੱਲ ਵਿਕਰੀ ਹੈ। ਇਨ੍ਹਾਂ ਦੇ ਮੁਕਾਬਲੇ ਅਲੀਬਾਬਾ ਨੇ ਹਰ ਛੇ ਘੰਟਿਆਂ ਵਿੱਚ ਤਕਰੀਬਨ 852 ਕਰੋੜ ਰੁਪਏ ਦਾ ਸਮਾਨ ਵੇਚਿਆ। ਜ਼ਿਕਰਯੋਗ ਹੈ ਕਿ ਚੀਨ ਦੇ ਨੌਜਵਾਨ 11 ਨਵੰਬਰ ਨੂੰ ਸਿੰਗਲਜ਼ ਡੇਅ ਦਾ ਜਸ਼ਨ ਮਨਾਉਂਦੇ ਹਨ। 2009 ਵਿੱਚ ਅਲੀਬਾਬਾ ਨੇ ਪਹਿਲੀ ਵਾਰ ਇਸੇ ਦਿਨ ਕੰਪਨੀ ਵੱਲੋਂ ਸੇਲ ਦੀ ਸ਼ੁਰੂਆਤ ਕੀਤੀ ਸੀ।