ਕੋਰੀਆ ਨਾਲ ਲੜਣ ਲਈ ਅਮਰੀਕਾ ਪੁੱਜਾ ਵੀਅਤਨਾਮ!
ਏਬੀਪੀ ਸਾਂਝਾ | 11 Nov 2017 11:09 AM (IST)
ਡੇਨਾਂਗ: ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੀ ਆਰਥਿਕ ਸਹਿਯੋਗ ਪ੍ਰੀਸ਼ਦ ਦੀ ਬੈਠਕ 'ਚ ਹਿੱਸਾ ਲੈਣ ਲਈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੀਅਤਨਾਮ ਦੇ ਡੇਨਾਂਗ ਸ਼ਹਿਰ ਪਹੁੰਚ ਗਏ। ਵਾਸ਼ਿੰਗਟਨ 'ਚ ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬੈਠਕ 'ਚ ਟਰੰਪ ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਸ਼ੇ 'ਚ ਨਵਾਂ ਨਜ਼ਰੀਆ ਪੇਸ਼ ਕਰਨਗੇ। ਭਵਿੱਖ ਦੀ ਇਸ ਕਾਰਜਯੋਜਨਾ 'ਚ ਸੁਰੱਖਿਆ ਅਤੇ ਵਪਾਰ ਨੂੰ ਲੈ ਕੇ ਸਹਿਯੋਗ ਦੇ ਬਿੰਦੂ ਹੋਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ 12 ਦਿਨਾ ਦੌਰੇ ਤਹਿਤ ਚੀਨ ਤੋਂ ਵੀਅਤਨਾਮ ਪਹੁੰਚੇ ਹਨ। ਚੀਨ 'ਚ ਉਨ੍ਹਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ 'ਬਹੁਤ ਖਾਸ ਵਿਅਕਤੀ' ਅਤੇ 'ਬਹੁਤ ਸਨਮਾਨਿਤ ਸ਼ਖ਼ਸ' ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ। ਚੀਨੀ ਮੀਡੀਆ ਨੇ ਵੀ ਮੰਨਿਆ ਹੈ ਕਿ ਟਰੰਪ ਦੇ ਦੌਰੇ ਨੇ ਅਮਰੀਕਾ-ਚੀਨ ਸਬੰਧਾਂ ਦੀ ਨਵੀਂ ਇਬਾਰਤ ਲਿਖੀ ਹੈ। ਟਰੰਪ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੀ ਉਸ ਰਵਾਇਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਸ 'ਚ ਕੁਝ ਪੁਰਾਣੇ ਸਹਿਯੋਗੀਆਂ ਨਾਲ ਹੀ ਏਸ਼ੀਆ 'ਚ ਚੱਲਣ 'ਤੇ ਵਿਸ਼ਵਾਸ ਸੀ। ਪ੍ਰੀਸ਼ਦ 'ਚ ਸ਼ਾਮਿਲ ਪੂਰਬੀ ਏਸ਼ੀਆ ਦੇ ਦੇਸ਼ਾਂ 'ਚ ਆਪਸੀ ਮੁਕਤ ਵਪਾਰ ਦੀ ਵਿਵਸਥਾ ਲਾਗੂ ਹੈ। ਓਬਾਮਾ ਦੇ ਕਾਰਜਕਾਲ 'ਚ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਅਮਰੀਕਾ ਨਾਲ ਪੂਰਬੀ ਏਸ਼ੀਆ ਦੇ 11 ਦੇਸ਼ਾਂ ਦੀ ਅੰਤਰ ਪ੍ਰਸ਼ਾਂਤ ਖੇਤਰੀ ਸਹਿਯੋਗ ਸਮਝੌਤਾ (ਟੀਪੀਪੀ) ਹੋਇਆ ਸੀ। ਪਰ ਟਰੰਪ ਨੇ ਇਸ ਨੂੰ ਅਮਰੀਕਾ ਲਈ ਆਫ਼ਤ ਕਰਾਰ ਦਿੰਦੇ ਹੋਏ ਤੋੜ ਦਿੱਤਾ। ਹੁਣ ਖੇਤਰ ਦੇ 11 ਦੇਸ਼ ਚੀਨ ਦੀ ਚੁਣੌਤੀ ਨਾਲ ਜੂਝ ਰਹੇ ਹਨ ਅਤੇ ਭਾਰੀ ਦੁਚਿੱਤੀ 'ਚ ਹਨ। ਟਰੰਪ 'ਤੇ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਸ ਤਰ੍ਹਾਂ ਦੀ ਕੋਈ ਯੋਜਨਾ ਸਾਹਮਣੇ ਰੱਖਣ ਜਿਸ ਨਾਲ ਪੂਰਬੀ ਏਸ਼ੀਆ ਦੇ ਉਸਦੇ ਸਹਿਯੋਗੀ ਦੇਸ਼ਾਂ ਨੂੰ ਰਾਹਤ ਮਿਲ ਸਕੇ। ਇਸ ਦੁਚਿੱਤੀ ਕਾਰਨ ਪ੍ਰੀਸ਼ਦ 'ਚ ਸ਼ਾਮਿਲ ਦੇਸ਼ ਆਪਣੇ ਐਲਾਨਾਂ ਨਾਲ ਸਬੰਧਤ ਕੋਈ ਸਾਬਕਾ ਖਰੜਾ ਜਾਰੀ ਨਹੀਂ ਕਰ ਸਕੇ।