ਹਿਊਸਟਨ  : ਅਮਰੀਕਾ ਦੇ ਟੈਕਸਾਸ 'ਚ ਗੋਲੀਆਂ ਵਰ੍ਹਾ ਕੇ 26 ਲੋਕਾਂ ਦੀ ਹੱਤਿਆ ਕਰਨ ਵਾਲਾ ਡੇਵਿਨ ਕੇਲੀ ਨਿਸ਼ਾਨੇਬਾਜ਼ੀ ਲਈ ਕੁੱਤਿਆਂ ਦੀ ਵਰਤੋਂ ਕਰਦਾ ਸੀ। ਏਅਰਫੋਰਸ 'ਚ ਉਸ ਦੇ ਇਕ ਸਾਬਕਾ ਸਾਥੀ ਨੇ ਕਿਹਾ ਕਿ ਕੇਲੀ ਇਕ ਵੈੱਬਸਾਈਟ ਤੋਂ ਪਸ਼ੂਆਂ ਨੂੰ ਖ਼ਰੀਦਦਾ ਸੀ ਤੇ ਇਨ੍ਹਾਂ 'ਤੇ ਨਿਸ਼ਾਨਾ ਲਗਾਉਣ ਦਾ ਅਭਿਆਸ ਕਰਦਾ ਸੀ। ਕੇਲੀ ਨੇ ਬੀਤੇ ਐਤਵਾਰ ਨੂੰ ਟੈਕਸਾਸ ਦੇ ਸਦਰਲੈਂਡ ਸਪਿ੫ੰਗ ਦੇ ਇਕ ਦਿਹਾਤੀ ਚਰਚ 'ਚ ਸ਼ਰਧਾਲੂਆਂ 'ਤੇ ਰਾਈਫਲ ਨਾਲ ਹਮਲਾ ਕੀਤਾ ਸੀ। ਹਮਲੇ 'ਚ 20 ਹੋਰ ਲੋਕ ਜ਼ਖ਼ਮੀ ਵੀ ਹੋਏ ਸਨ। ਉਸ ਨੇ ਲੋਕਾਂ ਵੱਲੋਂ ਪਿੱਛਾ ਕਰਨ 'ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਜੈਸਿਕਾ ਐਡਵਰਡ ਨੇ ਕਿਹਾ ਕਿ 26 ਸਾਲ ਦਾ ਕੇਲੀ ਜਦੋਂ ਏਅਰਫੋਰਸ 'ਚ ਭਰਤੀ ਹੋਇਆ ਸੀ ਤਾਂ ਉਸ ਵੇਲੇ ਉਸ ਨੇ ਕਤਲੇਆਮ ਕਰਨ ਦੀ ਇੱਛਾ ਪ੫ਗਟਾਈ ਸੀ। ਐਡਵਰਡ ਨੇ ਕੇਲੀ ਨਾਲ ਸਾਲ 2010 ਤੋਂ 2012 ਦੌਰਾਨ ਨਿਊ ਮੈਕਸੀਕੋ 'ਚ ਹੋਲੋਮੈਨ ਏਅਰਫੋਰਸ ਬੇਸ 'ਚ ਕੰਮ ਕੀਤਾ ਸੀ। ਸੀਐੱਨਐੱਨ ਨੇ ਐਡਵਰਡ ਦੇ ਹਵਾਲੇ ਨਾਲ ਦੱਸਿਆ ਕਿ ਕੇਲੀ ਕਿਸੇ ਦੀ ਹੱਤਿਆ ਕਰਨ ਬਾਰੇ 'ਚ ਮਜ਼ਾਕ ਕਰਦਾ ਹੁੰਦਾ ਸੀ। ਉਸ ਨੇ ਦੱਸਿਆ ਸੀ ਕਿ ਉਹ ਨਿਸ਼ਾਨਾ ਲਗਾਉਣ ਦਾ ਅਭਿਆਸ ਕਰਨ ਲਈ ਕੁੱਤਿਆਂ ਦੀ ਵਰਤੋਂ ਕਰਦਾ ਹੈ। ਉਹ ਇਨ੍ਹਾਂ ਨੂੰ ਸਿਰਫ਼ ਮਾਰਨ ਦੇ ਇਰਾਦੇ ਨਾਲ ਖ਼ਰੀਦਦਾ ਹੈ।