ਸਾਊਦੀ ਪ੍ਰਿੰਸਾਂ ਦੀ ਲੜਾਈ ਪੁੱਜੀ ਦੁਬਈ!
ਏਬੀਪੀ ਸਾਂਝਾ | 10 Nov 2017 10:20 AM (IST)
ਦੁਬਈ: ਸਾਊਦੀ ਅਰਬ 'ਚ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਯੂਏਈ ਤੱਕ ਪਹੁੰਚ ਗਈ ਹੈ। ਯੂਏਈ ਦੇ ਕੇਂਦਰੀ ਬੈਂਕ ਨੇ ਸਾਰੀਆਂ ਬੈਂਕਾਂ ਤੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ 19 ਸਾਊਦੀ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਹੈ। ਇਨ੍ਹਾਂ 'ਚ ਖਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਤੇ ਨੈਸ਼ਨਲ ਗਾਰਡ ਦੇ ਪ੍ਰਮੁੱਖ ਤੋਂ ਬਰਖ਼ਾਸਤ ਪ੍ਰਿੰਸ ਮਿਤੇਬ ਬਿਨ ਅਬਦੁੱਲਾ ਵੀ ਸ਼ਾਮਿਲ ਹਨ। ਹੁਣ ਦੁਬਈ 'ਚ ਇਨ੍ਹਾਂ ਸਾਰਿਆਂ ਦੇ ਬੈਂਕ ਖਾਤੇ ਜ਼ਬਤ ਹੋ ਸਕਦੇ ਹਨ। ਯੂਏਈ ਦੇ ਅਧਿਕਾਰੀਆਂ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੇ ਜਾਣ ਦਾ ਕਾਰਨ ਨਹੀਂ ਦੱਸਿਆ। ਮੰਨਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਦੇ ਇਸ਼ਾਰੇ 'ਤੇ ਅਜਿਹਾ ਕੀਤਾ ਜਾ ਰਿਹਾ ਹੈ। ਸਾਊਦੀ ਅਰਬ ਜਾਂਚ ਦੌਰਾਨ ਪਤਾ ਲੱਗੇ ਅਰਬਾਂ ਡਾਲਰ ਦੇ ਕਾਲੇ ਧਨ ਨੂੰ ਬਰਾਮਦ ਕਰਨਾ ਚਾਹੁੰਦਾ ਹੈ। ਉੱਥੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਤਹਿਤ ਕਰੀਬ 1700 ਬੈਂਕ ਖਾਤੇ ਜ਼ਬਤ ਕੀਤੇ ਗਏ ਹਨ। ਯੂਏਈ ਖ਼ਾਸ ਕਰਕੇ ਉੱਥੋਂ ਦੇ ਪ੍ਰਮੁੱਖ ਬਿਜ਼ਨਸ ਸੈਂਟਰ ਦੁਬਈ 'ਚ ਧਨੀ ਸਾਊਦੀ ਲੋਕ ਪੈਸਾ ਰੱਖਦੇ ਹਨ। ਦੁਬਈ 'ਚ ਬੈਂਕ ਖਾਤਿਆਂ ਤੋਂ ਇਲਾਵਾ ਉਨ੍ਹਾਂ ਦੇ ਲਗਜ਼ਰੀ ਅਪਾਰਟਮੈਂਟ ਤੇ ਕੋਠੀਆਂ ਹਨ। ਉਨ੍ਹਾਂ ਉੱਥੋਂ ਦੇ ਸ਼ੇਅਰ ਬਾਜ਼ਾਰ 'ਚ ਵੀ ਨਿਵੇਸ਼ ਕੀਤੇ ਹਨ। ਰਿਆਧ ਉਦਯੋਗ ਸੰਘ ਦੇ ਅਧਿਕਾਰੀ ਦਾ ਮੰਨਣਾ ਹੈ ਕਿ ਬਹੁਤ ਵੱਡੀ ਧਨਰਾਸ਼ੀ ਦਾਅ 'ਤੇ ਹੋ ਸਕਦੀ ਹੈ। ਸਾਊਦੀ ਅਰਬ 'ਚ ਭਿ੫ਸ਼ਟਾਚਾਰ ਕਾਰਨ 800 ਅਰਬ ਡਾਲਰ ਦੇ ਸਰਕਾਰੀ ਮਾਲੀਆ ਨੂੰ ਚੂਨਾ ਲਗਾਏ ਜਾਣ ਦਾ ਅਨੁਮਾਨ ਹੈ। ਜ਼ਿਆਦਾਤਰ ਕਾਲਾ ਧਨ ਸਵਿਟਜ਼ਰਲੈਂਡ ਤੇ ਬਰਤਾਨੀਆ ਸਮੇਤ ਵਿਦੇਸ਼ 'ਚ ਜਮ੍ਹਾ ਹੈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ 'ਚ ਪਿਛਲੇ ਦਿਨੀਂ 11 ਪ੍ਰਿੰਸ ਸਮੇਤ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਤੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ।