ਮਾਸਕੋ-ਰੂਸ ਦਾ ਇਕ ਯਾਤਰੀ ਜਹਾਜ਼ ਦੋਮੋਦੇਦੋਵੋ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ ਸਵਾਰ ਸਾਰੇ 71 ਯਾਤਰੀਆਂ ਦੀ ਇਸ ਹਾਦਸੇ 'ਚ ਮੌਤ ਹੋ ਗਈ।ਸਾਰਾਤੋਵ ਏਅਰਲਾਈਨਜ਼ ਦੇ ਅਨਤੋਨੋਵ ਏ ਐਨ-148 ਜਹਾਜ਼ ਨੇ ਓਰਸੇਕ ਲਈ ਉਡਾਣ ਭਰੀ ਸੀ ਅਤੇ ਉਹ ਮਾਸਕੋ ਦੇ ਬਾਹਰਵਾਰ ਪੈਂਦੇ ਰਾਮਨਸਕੇ ਜ਼ਿਲ੍ਹੇ 'ਚ ਹਾਦਸਾਗ੍ਰਸਤ ਹੋ ਗਿਆ।
ਰੂਸੀ ਖ਼ਬਰ ਏਜੰਸੀਆਂ ਮੁਤਾਬਿਕ ਜਹਾਜ਼ 'ਚ 65 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ । ਅਰਗੁਨੋਵੋ ਪਿੰਡ 'ਚ ਪ੍ਰਤੱਖਦਰਸ਼ੀਆਂ ਨੇ ਇਕ ਜਲਦੇ ਹੋਏ ਜਹਾਜ਼ ਨੂੰ ਅਸਮਾਨ ਤੋਂ ਡਿਗਦੇ ਵੇਖਿਆ।ਇਕ ਖ਼ਬਰ ਏਜੰਸੀ ਦੇ ਮੁਤਾਬਿਕ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਦੂਰ-ਦੂਰ ਤੱਕ ਜਹਾਜ਼ ਦਾ ਮਲਬਾ ਖ਼ਿਲਰਿਆ ਹੋਇਆ ਹੈ। 7 ਸਾਲ ਪੁਰਾਣੇ ਰੂਸੀ ਜਹਾਜ਼ ਨੂੰ ਸਾਰਾਤੋਵ ਏਅਰਲਾਈਨਜ਼ ਨੇ ਇਕ ਸਾਲ ਪਹਿਲਾਂ ਕਿਸੇ ਹੋਰ ਰੂਸੀ ਏਅਰਲਾਈਨ ਤੋਂ ਖ਼ਰੀਦਿਆ ਸੀ।