ਘਨੌਰ: ਅਮਰੀਕਾ 'ਚ ਬੀਤੇ ਦਿਨੀਂ ਜਾਰਜੀਆ ਸਟੇਟ ਦੇ ਸਟੋਰ ਵਿਚ ਕਤਲ ਕੀਤੇ ਪੰਜਾਬੀ ਨੌਜਵਾਨ ਪਰਮਜੀਤ ਸਿੰਘ ਦਾ ਸਸਕਾਰ ਅੱਜ ਅਮਰੀਕਾ ਵਿਖੇ ਕੀਤਾ ਜਾਵੇਗਾ। ਪਰਮਜੀਤ ਪਿੰਡ ਪਿੱਪਲ ਮੰਗੋਲੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਸੀ। ਉਹ ਰੋਮੀ ਇਲਾਕੇ ਦੇ ਹਾਈਟੇਕ ਕਵਿਕ ਨਾਮ ਦਾ ਸਟੋਰ ਚਲਾਉਂਦਾ ਸੀ। ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੇ ਉਕਤ ਸਟੋਰ ਵਿਚ ਦਾਖਲ ਹੁੰਦੇ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਦੀ ਛਾਤੀ ਵਿਚ ਚਾਰ ਗੋਲੀਆ ਲੱਗੀਆਂ ਤੇ ਮੌਕੇ 'ਤੇ ਹੀ ਮੌਤ ਹੋ ਗਈ ।
ਪੁਲਿਸ ਨੇ ਗੋਲੀਆ ਚਲਾਉਣ ਵਾਲੇ ਦੋਸ਼ੀ ਲਵਾਰ ਨਾਸਿਦ ਨੂੰ ਕੁੱਝ ਹੀ ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਮ੍ਰਿਤਕ ਪਰਮਜੀਤ ਦੇ ਪਿੰਡ ਪਿੱਪਲ ਮੰਗੋਲੀ ਰਹਿ ਰਹੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਮਜੀਤ ਅੱਠਵੀਂ ਕਲਾਸ ਤੋਂ ਬਾਅਦ ਅਮਰੀਕਾ ਚਲਾ ਗਿਆ ਸੀ। ਪਰਮਜੀਤ ਲੱਗਭਗ 30 ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦਾ ਸਾਰਾ ਪਰਿਵਾਰ ਅਮਰੀਕਾ ਵਿਚ ਹੀ ਰਹਿੰਦਾ ਹੈ।
ਇਸ ਤੋਂ ਪਹਿਲਾਂ ਵਾਸ਼ਿੰਗਟਨ ਦੇ ਕੈਂਟਕੀ ਵਿਚ ਇਕ ਨਕਾਬਪੋਸ਼ ਨੇ ਇੱਕ ਸਿੱਖ ਐਨ ਆਰ ਆਈ ਦੇ ਗੈਸ ਸਟੇਸ਼ਨ ਉੱਤੇ ਨਸਲੀ ਤੇ ਭੱਦੀਆਂ ਟਿੱਪਣੀਆਂ ਕਰਦੇ ਹੋਏ ਭੰਨਤੋੜ ਕੀਤੀ ਸੀ। ਹਮਲਾ ਕਰਨ ਵਾਲੇ ਆਦਮੀ ਨੇ ਉਥੇ ਸਪ੍ਰੇਅ ਨਾਲ ਕੁਝ ਇਤਰਾਜ਼ ਯੋਗ ਸ਼ਬਦ ਲਿਖੇ ਤੇ ਚਿੰਨ੍ਹ ਵੀ ਬਣਾਏ। ਕੇਂਟਕੀ ਸਟੇਟ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ।