ਵਾਸ਼ਿੰਗਟਨ: ਫਲੋਰਿਡਾ ਦੀ ਰਾਜਧਾਨੀ ਵਿੱਚ ਇੱਕ ਯੋਗਾ ਸਟੂਡੀਓ ’ਚ ਬੰਦੂਕਧਾਰੀ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਪੰਜ ਜਣੇ ਜ਼ਖ਼ਮੀ ਹੋ ਗਏ। ਹਮਲਾ ਕਰਨ ਪਿੱਛੋਂ ਬੰਦੂਕਧਾਰੀ ਨੇ ਆਪਣੇ-ਆਪ ਨੂੰ ਵੀ ਗੋਲ਼ੀ ਮਾਰ ਲਈ। ਤਾਲਾਹਾਸੀ ਦੇ ਪੁਲਿਸ ਮੁਖੀ ਮਾਈਕਲ ਡੇਲਿਓ ਨੇ ਸ਼ੁੱਕਰਵਾਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਸਟੂਡੀਓ ਵਿੱਚ ਜਾਣ ਬਾਅਦ ਬੰਦੂਕਧਾਰੀ ਨੇ ਛੇ ਜਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ।



ਡੇਲਿਓ ਨੇ ਦੱਸਿਆ ਕਿ ਇਸਦੇ ਬਾਅਦ ਸ਼ੱਕੀ ਨੇ ਖੁਦ ਵੀ ਗੋਲ਼ੀ ਮਾਰ ਲਈ। ਫਿਲਹਾਲ ਬੰਦੂਕਧਾਰੀ ਤੇ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ। ਹੋਰ ਪੀੜਤਾਂ ਦੀ ਸਥਿਤੀ ਵੀ ਸਪਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀ ਇਸ ਘਟਨਾ ਪਿੱਛੇ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਪੁਲਿਸ ਨੇ ਘਟਨਾ ਸਥਾਨ ਵੱਲ ਆਉਣ ਵਾਲੇ ਸਾਰੇ ਰਸਤਿਆਂ ਨੂੰ ਫਿਲਹਾਲ ਬਲਾਕ ਕਰ ਦਿੱਤਾ ਹੈ। ਸ਼ਹਿਰ ਦੇ ਕਮਿਸ਼ਨਰ ਸਕਾਟ ਮੈਡਾਕਸ ਮੌਕੇ ’ਤੇ ਹਾਜ਼ਰ ਸਨ। ਉਨ੍ਹਾਂ ਫੇਸਬੁੱਕ ’ਤੇ ਕਿਹਾ ਕਿ ਉਨ੍ਹਾਂ ਦੇ ਕਰੀਅਰ ਵਿੱਚ ਉਨ੍ਹਾਂ ਕਈ ਹਾਦਸੇ ਵੇਖੇ ਪਰ ਇਹ ਹਾਦਸਾ ਸਭਤੋਂ ਖਤਰਨਾਕ ਹੈ। ਉਨ੍ਹਾਂ ਮ੍ਰਿਤਕਾਂ ਤੇ ਜ਼ਖ਼ਮੀਆਂ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ।