America-PM Modi: ਅਮਰੀਕੀ ਬੈਂਕਿੰਗ ਫਰਮ ਜੇਪੀ ਮੋਰਗਨ ਚੇਜ਼ ਦੇ ਸੀਈਓ ਜੈਮੀ ਡਿਮਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਆਪਣੇ ਦੇਸ਼ ਦੀ ਵੱਡੀ ਆਬਾਦੀ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਜੈਮੀ ਡਿਮਨ ਨਿਊਯਾਰਕ ਦੇ ਇਕਨਾਮਿਕ ਕਲੱਬ ਵਲੋਂ ਆਯੋਜਿਤ ਇਕ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ, 'ਪੀਐਮ ਮੋਦੀ ਨੇ ਭਾਰਤ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਮੈਂ ਅਮਰੀਕਾ ਦੀ ਉਦਾਰਵਾਦੀ ਪ੍ਰੈਸ ਨੂੰ ਜਾਣਦਾ ਹਾਂ, ਜੋ ਨਰਿੰਦਰ ਮੋਦੀ ਦੀ ਲਗਾਤਾਰ ਆਲੋਚਨਾ ਕਰਦੀ ਹੈ। ਉਨ੍ਹਾਂ ਨੇ 40 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਹੈ। ਇਸ ਦੌਰਾਨ ਡਿਮਨ ਨੇ ਭਾਰਤ ਵਿੱਚ ਗਰੀਬੀ ਦੇ ਖਾਤਮੇ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨੌਕਰਸ਼ਾਹੀ ਵਿੱਚ ਸੁਧਾਰ ਆਦਿ ਮੁੱਦਿਆਂ 'ਤੇ ਚਰਚਾ ਕੀਤੀ।


ਡਿਮਨ ਨੇ ਕਿਹਾ, 'ਕਈ ਅਮਰੀਕੀ ਅਧਿਕਾਰੀ ਭਾਰਤ ਨੂੰ ਲੈ ਕੇ ਕਲਪਨਾ ਕਰਦੇ ਹਨ, ਅਸੀਂ ਕਿਵੇਂ ਕਲਪਨਾ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਆਪਣਾ ਦੇਸ਼ ਕਿਵੇਂ ਚਲਾਉਣਾ ਚਾਹੀਦਾ ਹੈ। ਨਰਿੰਦਰ ਮੋਦੀ ਭਾਰਤ ਵਿੱਚ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਦੀਆਂ ਸਰਕਾਰਾਂ ਜਲਵਾਯੂ ਪਰਿਵਰਤਨ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰਦੀਆਂ ਹਨ, ਜਦਕਿ ਉਨ੍ਹਾਂ ਕੋਲ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਹਨ। ਡਿਮਨ ਨੇ ਅੱਗੇ ਕਿਹਾ, 'ਭਾਰਤ ਨੇ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ ਹੈ, ਜਿਸ ਵਿਚ ਲੋਕਾਂ ਨੂੰ ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਨਾਲ ਪਛਾਣਿਆ ਜਾਂਦਾ ਹੈ।' ਦਰਅਸਲ, ਡਿਮਨ ਭਾਰਤ ਦੇ ਪਛਾਣ ਪੱਤਰ ਆਧਾਰ ਕਾਰਡ ਦੀ ਗੱਲ ਕਰ ਰਿਹਾ ਸੀ, ਜਿਸ ਵਿੱਚ ਲੋਕਾਂ ਦੇ ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਦਾ ਡੇਟਾ ਹੁੰਦਾ ਹੈ।


ਭਾਰਤ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ​​ਹੋਇਆ 


ਪੀਐਮ ਮੋਦੀ ਦੀ ਤਾਰੀਫ਼ ਕਰਦੇ ਹੋਏ ਡਿਮਨ ਨੇ ਕਿਹਾ ਕਿ ਉਨ੍ਹਾਂ ਨੇ ਜਨ ਧਨ ਯੋਜਨਾ ਦੇ ਤਹਿਤ 70 ਕਰੋੜ ਲੋਕਾਂ ਦੇ ਖਾਤੇ ਖੋਲ੍ਹੇ ਹਨ, ਜਿਸ ਵਿੱਚ ਲੋਕਾਂ ਨੂੰ ਸਿੱਧੀ ਸਰਕਾਰੀ ਸਹਾਇਤਾ ਭੇਜੀ ਗਈ ਹੈ। ਇਸ ਦੌਰਾਨ ਉਨ੍ਹਾਂ ਭਾਰਤ ਦੀ ਸਿੱਖਿਆ ਪ੍ਰਣਾਲੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕੀਤਾ ਹੈ। ਡਿਮਨ ਨੇ ਕਿਹਾ ਕਿ ਸਖ਼ਤ ਨੌਕਰਸ਼ਾਹੀ ਨੂੰ ਤੋੜਨ ਲਈ ਤੁਹਾਨੂੰ ਸਖ਼ਤ ਹੋਣਾ ਪਵੇਗਾ, ਜੋ ਮੋਦੀ ਕਰ ਰਹੇ ਹਨ। ਉਸ ਨੇ ਕਿਹਾ, 'ਸਾਨੂੰ ਅਮਰੀਕਾ ਵਿੱਚ ਵੀ ਅਜਿਹਾ ਹੀ ਕੁਝ ਚਾਹੀਦਾ ਹੈ।' ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਡਿਮਨ ਇਸ਼ਾਰਿਆਂ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਮਰੀਕਾ ਨੂੰ ਪੀਐਮ ਮੋਦੀ ਵਰਗੇ ਨੇਤਾ ਦੀ ਲੋੜ ਹੈ।


ਭਾਰਤ ਵਿੱਚ ਟੈਕਸ ਪ੍ਰਣਾਲੀ ਵਿੱਚ ਬਦਲਾਅ


ਡਿਮਨ ਨੇ ਅੱਗੇ ਕਿਹਾ, ਭਾਰਤ ਦੇ ਸ਼ਾਇਦ 29 ਰਾਜ ਹਨ, ਜੋ ਲਗਭਗ ਯੂਰਪ ਵਾਂਗ ਹਨ। ਇਨ੍ਹਾਂ ਸਾਰੇ ਰਾਜਾਂ ਵਿੱਚ ਵੱਖ-ਵੱਖ ਇਨਕਮ ਟੈਕਸ ਪ੍ਰਣਾਲੀ ਹੈ, ਜਿਸ ਕਾਰਨ ਇੱਥੇ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੋਇਆ ਸੀ। ਮੋਦੀ ਇਨ੍ਹਾਂ ਗੱਲਾਂ ਨੂੰ ਤੋੜ ਰਿਹਾ ਹੈ। ਮੋਦੀ ਨੇ ਹੁਣੇ ਹੀ ਇਨ੍ਹਾਂ ਚੀਜ਼ਾਂ ਨੂੰ ਬਦਲਿਆ ਹੈ, ਜਿਸ ਦੀ ਅਮਰੀਕਾ ਨੂੰ ਵੀ ਲੋੜ ਹੈ। ਡਿਮਨ ਨੇ ਅਜਿਹੇ ਸਮੇਂ 'ਚ ਮੋਦੀ ਦੀ ਤਾਰੀਫ ਕੀਤੀ ਹੈ ਜਦੋਂ ਭਾਰਤ 'ਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ।