ਸੰਯੁਕਤ ਰਾਸ਼ਟਰ: ਯੂ.ਐਨ. ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੇ ਨੇ ਇਕ ਐਮਰਜੈਂਸੀ ਮੀਟਿੰਗ ਦੌਰਾਨ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਪੂਰਾ ਵਿਸ਼ਵ ਤੁਹਾਨੂੰ ਦੇਖ ਰਿਹਾ ਹੈ ਕਿ ਤੁਸੀਂ ਕੀ ਕਰ ਰਹੇ ਹੋ।  ਈਰਾਨ ਦੇ ਵਿਦੇਸ਼ ਮੰਤਾਰਾਲੇ ਨੇ ਇਸ ਬਿਆਨ ਨੂੰ 'ਬੇਹੁਦਾ ਤੇ ਮੌਕਾਪਰਸਤੀ' ਦੱਸਿਆ ਹੈ।ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਇਸਲਾਮਿਕ ਦੇਸ਼ ਈਰਾਨ ਵਿਚ ਵੱਡੇ ਪੱਧਰ 'ਤੇ ਸੱਤਾ ਵਿਰੋਧੀ ਪ੍ਰਦਰਸ਼ਨ ਚੱਲ ਰਹੇ ਹਨ।
ਪਿਛਲੇ ਦਿਨਾਂ ਤੋਂ ਈਰਾਨ 'ਚ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਲੀਡਰ ਅਯਾਤੁੱਲਾਹ ਅਲੀ ਖ਼ੁਮੈਨੀ ਖ਼ਿਲਾਫ ਸੱਤਾ ਛੱਡਣ ਲਈ ਵਿਰੋਧ ਪ੍ਰਦਰਸ਼ਨ ਕੀਤੇ ਸਨ। ਈਰਾਨ ਦੇ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋਣ 'ਕਿਉਂਕਿ ਇਸ ਨਾਲ ਉਨ੍ਹਾਂ ਲਈ ਤੇ ਹੋਰ ਨਾਗਰਿਕਾਂ ਲਈ ਮੁਸ਼ਕਲਾਂ ਪੈਦਾ ਹੋਣਗੀਆਂ।'
ਮੁਜ਼ਾਹਰਾਕਾਰੀਆਂ ਨੇ ਗ੍ਰਹਿ ਮੰਤਰੀ ਦੀ ਉਸ ਚੇਤਾਵਨੀ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਨਾਗਰਿਕਾਂ ਨੂੰ 'ਗ਼ੈਰ-ਕਨੂੰਨੀ ਰੂਪ ਵਿੱਚ ਇਕੱਠੇ' ਹੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਈਰਾਨ ਦੇ ਅਧਿਕਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਲਈ ਵਿਦੇਸ਼ੀ ਤਾਕਤਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ।