ਲੰਡਨ- ਸਾਊਥਾਲ ਦੇ ਦੋ ਪੰਜਾਬੀ ਨੌਜਵਾਨਾਂ ਸਣੇ ਚਾਰ ਦੋਸ਼ੀਆਂ ਅੱਠ-ਅੱਠ ਸਾਲ ਦੀ ਸਜ਼ਾ ਹੋਈ ਹੈ। ਇਹ ਸਜਾ 15 ਕਿੱਲੋਗ੍ਰਾਮ ਕੋਕੀਨ ਦੇ ਧੰਦੇ ਤਹਿਤ ਹੋਈ ਹੈ। ਇਨ੍ਹਾਂ ਚਾਰਾਂ ਨੂੰ ਪੁਲਿਸ ਨੇ ਟੈਲਫੋਰਡ ਵਿਚ ਕੋ–ਅਪਸਟੋਰ ਦੀ ਕਾਰ ਪਾਰਕ 'ਚ ਨਸ਼ਾ ਦਾ ਧੰਦਾ ਕਰਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਸੀ।
ਬਰਮਿੰਘਮ ਕਰਾਊਨ ਕੋਰਟ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਅਮਨਦੀਪ ਬਿਲਖੂ (23) ਵਾਸੀ ਨੌਰਵੁੱਡ ਗਾਰਡਨਜ਼, ਸਾਊਥਾਲ ਤੇ ਮਨਿੰਦਰ ਸਿੰਘ ਕਰੀਰ (26) ਵਾਸੀ ਲਿਉਨਾਰਡ ਰੋਡ, ਸਾਊਥਾਲ ਨੂੰ ਪੁਲਿਸ ਨੇ ਅਕਤੂਬਰ ਮਹੀਨੇ ਇਕ ਸਟਿੰਗ ਆਪ੍ਰੇਸ਼ਨ ਦੌਰਾਨ ਸਟਰਚਲੀ ਸਥਿਤ ਕੋ–ਅਪਸਟੋਰ ਦੀ ਕਾਰ ਪਾਰਕ ਵਿਚ ਲੀ ਬੇਕਰ (49) ਵਾਸੀ ਚੇਜ ਕਰੌਸ ਰੋਡ, ਰਮਫੋਰਡ ਤੇ ਗੈਰੀ ਮਰਚੈਂਟ (47) ਵਾਸੀ ਬੌਲਬਰੀ ਰੋਡ, ਰਮਫੋਰਡ ਨਾਲ ਵੇਖਿਆ ਸੀ, ਜਿਨ੍ਹਾਂ ਕੋਲੋਂ 15 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ ਸੀ।
ਇਸ ਗ੍ਰੋਹ ਨੂੰ ਰਾਸ਼ਟਰੀ ਅਪਰਾਧ ਏਜੰਸੀ ਤੇ ਮੈਟਰੋਪੁਲੀਟਨ ਪੁਲਿਸ ਅਫ਼ਸਰਾਂ ਦੀ ਵਿਸ਼ੇਸ਼ ਟੀਮ ਨੇ ਗਿ੍ਫ਼ਤਾਰ ਕੀਤਾ ਸੀ, ਜਦ ਕਰੀਰ ਇਕ ਚਿੱਟੀ ਵੈਨ ਰਾਹੀਂ ਉੱਥੇ ਪਹੁੰਚਿਆ ਸੀ, ਜਿਸ ਤੋਂ ਬਾਅਦ ਬਿਲਖੂ ਆਪਣੀ ਔਡੀ ਕਾਰ ਵਿਚ ਆਇਆ ਤੇ ਬਾਅਦ ਵਿਚ ਬੇਕਰ, ਕਰੀਰ ਨਾਲ ਵੈਨ ਦੇ ਪਿੱਛੇ ਗਿਆ ਸੀ ਤੇ ਉੱਥੋਂ ਇਕ ਕਾਲਾ ਬੈਗ ਲੈ ਕੇ ਆਪਣੀ ਕਿਰਾਏ ਦੀ ਕਾਰ ਤੱਕ ਪਹੁੰਚਿਆ।
ਜਦ ਪੁਲਿਸ ਨੇ ਉਨ੍ਹਾਂ ਚਾਰਾਂ ਨੂੰ ਗਿ੍ਫ਼ਤਾਰ ਕੀਤਾ ਤਾਂ ਬੈਗ 'ਚੋਂ 15 ਕਿਲੋਗ੍ਰਾਮ ਕੋਕੀਨ ਮਿਲੀ ਸੀ ਤੇ ਕਈ ਮੋਬਾਈਲ ਵੀ ਬਰਾਮਦ ਹੋਏ ਸਨ। ਬੇਕਰ, ਮਰਚੈਂਟ, ਬਿਲਖੂ ਤੇ ਕਰੀਰ ਨੂੰ 8-8 ਸਾਲ ਦੀ ਸਜ਼ਾ ਸੁਣਾਈ ਗਈ ਹੈ।