ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਸਖ਼ਤੀ ਤੋਂ ਬਾਅਦ ਪਾਕਿਸਤਾਨ ਕਾਫ਼ੀ ਤੰਗ ਨਜ਼ਰ ਆ ਰਿਹਾ ਹੈ। ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਕਿ ਟ੍ਰੰਪ ਹਿੰਦੁਸਤਾਨ ਦੀ ਭਾਸ਼ਾ ਵਿੱਚ ਗੱਲ ਕਰ ਰਹੇ ਹਨ।
ਅਮਰੀਕਾ ਦੀ ਮਦਦ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਦੀ ਰਾਜਨੀਤੀ ਵਿੱਚ ਅਫਰਾ-ਤਫਰੀ ਹੈ। ਲਗਾਤਾਰ ਇੱਕ ਤੋਂ ਬਾਅਦ ਇੱਕ ਬੈਠਕਾਂ ਹੋ ਰਹੀਆਂ ਹਨ। ਅੱਜ ਵਿਦੇਸ਼ ਮੰਤਰੀ ਨੇ ਕੌਮੀ ਸੁਰੱਖਿਆ 'ਤੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਅਮਰੀਕਾ ਅਫ਼ਗ਼ਾਨਿਸਤਾਨ ਵਿੱਚ ਆਪਣੀ ਹਾਰ ਲਈ ਪਾਕਿਸਤਾਨ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ>
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ 'ਤੇ ਇਲਜ਼ਾਮ ਲਾਇਆ ਕਿ ਉਹ ਝੂਠੇ ਤੱਥ ਇਸਤੇਮਾਲ ਕਰ ਰਹੇ ਹਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨੇ ਕਿਹਾ ਕਿ ਅਮਰੀਕਾ ਨਾਲ ਗੱਲ ਕਰਦੇ ਹੋਏ ਮੁਲਕ ਦੀ ਇੱਜ਼ਤ ਬਣੀ ਰਹਿਣੀ ਚਾਹੀਦੀ ਹੈ।
ਨਵੇਂ ਸਾਲ ਦੇ ਪਹਿਲੇ ਦਿਨ ਅਮਰੀਕੀ ਰਾਸ਼ਟਰਪਤੀ ਦੇ ਇੱਕ ਟਵੀਟ ਨੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਟਵੀਟ ਤੋਂ ਬਾਅਦ ਅਮਰੀਕਾ ਨੇ ਐਕਸ਼ਨ ਵੀ ਲਿਆ ਤੇ ਪਾਕਿਸਤਾਨ ਨੂੰ ਮਿਲਣ ਵਾਲੀ 1628 ਕਰੋੜ ਦੀ ਆਰਥਿਕ ਮਦਦ 'ਤੇ ਰੋਕ ਲਾ ਦਿੱਤੀ ਸੀ।